ਸਕੂਲ ਸਿੱਖਿਆ ਦੇ ਖੇਤਰ ’ਚ ਪੰਜਾਬ ਦੇ ਮੋਹਰੀ ਬਣਨ ’ਤੇ ਅਧਿਆਪਕਾਂ ਦੀ ਕੀਤੀ ਸ਼ਲਾਘਾ
ਸਿੱਖਿਆ ਵਿਭਾਗ ਨੇ ਜ਼ਿਲੇ ’ਚ 45 ਥਾਵਾਂ ’ਤੇ ਕਰਵਾਏ ਵਰਚੁਅਲ ਸਮਾਗਮ
ਨਵਾਂਸ਼ਹਿਰ, 10 ਜੂਨ 2021
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਕੂਲ ਸਿੱਖਿਆ ਦੇ ਖੇਤਰ ਵਿਚ ਸਾਲ 2019-20 ਲਈ ਕਾਰਗੁਜ਼ਾਰੀ ਗ੍ਰੇਡਿੰਗ ਇੰਡੈਕਸ (ਪੀ. ਜੀ. ਆਈ) ਵਿਚ ਪੰਜਾਬ ਵੱਲੋਂ ਮੁਲਕ ਭਰ ਵਿਚੋਂ ਪਹਿਲਾ ਸਥਾਨ ਹਾਸਲ ਕਰਨ ’ਤੇ ਸੂਬੇ ਦੇ ਸਿੱਖਿਆ ਵਿਭਾਗ ਅਤੇ ਸਮੂਹ ਅਧਿਆਪਕਾਂ ਦੀ ਸ਼ਲਾਘਾ ਕੀਤੀ ਹੈ। ਇਸ ਸਬੰਧੀ ਸੂਬਾ ਪੱਧਰੀ ਵਰਚੁਅਲ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦਾ ਮਾਣ ਵਧਾਉਣ ਲਈ ਉਨਾਂ ਦਾ ਧੰਨਵਾਦ ਕੀਤਾ। ਉਨਾਂ ਕਿਹਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਅਧਿਆਪਕਾਂ ਨੇ ਅਣਥੱਕ ਯਤਨਾਂ ਅਤੇ ਜੀਅ ਤੋੜ ਮਿਹਨਤ ਨਾਲ ਸੂਬੇ ਨੂੰ ਇਸ ਸਨਮਾਨਯੋਗ ਸਥਾਨ ’ਤੇ ਲਿਆ ਖੜਾ ਕੀਤਾ ਹੈ।
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ 45 ਥਾਵਾਂ ’ਤੇ ਵਰਚੁਅਲ ਸਮਾਗਮ ਕਰਵਾਏ ਗਏ, ਜਿਨਾਂ ਵਿਚ ਅਧਿਆਪਕਾਂ ਅਤੇ ਵਿਦਿਆਥੀਆਂ ਦੇ ਮਾਪਿਆਂ ਤੋਂ ਇਲਾਵਾ ਕੌਂਸਲਰਾਂ, ਸਰਪੰਚਾਂ ਅਤੇ ਹੋਰਨਾਂ ਮੋਹਤਬਰਾਂ ਵੱਲੋਂ ਸ਼ਿਰਕਤ ਕੀਤੀ ਗਈ।
ਇਸ ਸਬੰਧੀ ਜ਼ਿਲਾ ਪੱਧਰ ’ਤੇ ਹੋਏ ਵਰਚੁਅਲ ਸਮਾਗਮ ਵਿਚ ਸਹਾਇਕ ਕਮਿਸ਼ਨਰ ਦੀਪਜੋਤ ਕੌਰ, ਜ਼ਿਲਾ ਸਿੱਖਿਆ ਅਫ਼ਸਰ ਜਗਜੀਤ ਸਿੰਘ, ਉੱਪ ਜ਼ਿਲਾ ਸਿੱਖਿਆ ਅਫ਼ਸਰ ਅਮਰੀਕ ਸਿੰਘ ਅਤੇ ਛੋਟੂ ਰਾਮ, ਜ਼ਿਲਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ ਅਤੇ ਸਿੱਖਿਆ ਵਿਭਾਗ ਦੇ ਬੁਲਾਰੇ ਪ੍ਰਮੋਦ ਭਾਰਤੀ ਨੇ ਸ਼ਿਰਕਤ ਕੀਤੀ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ ਦੀ ਅਧਿਆਪਕਾ ਪੂਜਾ ਸ਼ਰਮਾ ਨੂੰ ਮੁੱਖ ਮੰਤਰੀ ਨਾਲ ਗੱਲਬਾਤ ਕਰਨ ਦਾ ਮਾਣ ਹਾਸਲ ਹੋਇਆ। ਉਨਾਂ ਇਸ ਦੌਰਾਨ ਸਕੂਲ ਸਿੱਖਿਆ ਦੇ ਖੇਤਰ ਵਿਚ ਪੰਜਾਬ ਨੂੰ ਨੰਬਰ ਇਕ ਸੂਬਾ ਚੁਣੇ ਜਾਣ ’ਤੇ ਮੁੱਖ ਮੰਤਰੀ ਨੂੰ ਵਧਾਈ ਦਿੰਦਿਆਂ ਉਨਾਂ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੀਆਂ ਗਈਆਂ ਕ੍ਰਾਂਤੀਕਾਰੀ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਕੇ ਇਨਾਂ ਨੂੰ ਸਮਾਰਟ ਸਕੂਲਾਂ ਵਿਚ ਤਬਦੀਲ ਕਰਨ ਦੇ ਨਾਲ-ਨਾਲ ਮਿਆਰੀ ਅਤੇ ਆਧੁਨਿਕ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਨਾਲ ਲੋਕਾਂ ਦਾ ਸਰਕਾਰੀ ਸਕੂਲਾਂ ’ਤੇ ਵਿਸ਼ਵਾਸ ਵਧਿਆ ਹੈ। ਉਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਉਨਾਂ ਦੇ ਸਕੂਲ ਵਿਚ ਦਾਖ਼ਲੇ ’ਚ 35 ਫੀਸਦੀ ਦਾ ਵਾਧਾ ਹੋਇਆ ਹੈ। ਉਨਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ ਨੂੰ ਅਤਿ-ਆਧੁਨਿਕ ਬਹੁਮੰਤਵੀ ਸਾਇੰਸ ਬਲਾਕ ਲਈ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ 5 ਕਰੋੜ ਰੁਪਏ ਦੀ ਗ੍ਰਾਂਟ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨਾਂ ਉਮੀਦ ਜਤਾਈ ਕਿ ਇਸੇ ਤਰਾਂ ਪੰਜਾਬ ਉਨਾਂ ਦੀ ਅਗਵਾਈ ਵਿਚ ਸਿੱਖਿਆ ਦੇ ਖੇਤਰ ਵਿਚ ਇਸੇ ਤਰਾਂ ਬੁਲੰਦੀਆਂ ਛੋਹੇਗਾ।
ਜ਼ਿਕਰਯੋਗ ਹੈ ਕਿ ਅਧਿਆਪਕਾ ਪੂਜਾ ਸ਼ਰਮਾ ਸੂਬੇ ਦੇ ਉਨਾਂ ਸੱਤ ਅਧਿਆਪਕਾਂ ਵਿਚ ਸ਼ਾਮਲ ਸੀ, ਜਿਨਾਂ ਨੂੰ ਇਸ ਸੂਬਾ ਪੱਧਰੀ ਵਰਚੁਅਲ ਸਮਾਗਮ ਵਿਚ ਰੁ-ਬਰੂ ਹੋਣ ਦਾ ਮੌਕਾ ਮਿਲਿਆ। ਇਸ ਤੋਂ ਪਹਿਲਾਂ ਵੀ ਉਹ ਆਪਣੀਆਂ ਵਿਲੱਖਣ ਪ੍ਰਾਪਤੀਆਂ ਸਦਕਾ ਬਹੁਤ ਸਾਰੇ ਮਾਣ-ਸਨਮਾਨ ਹਾਸਲ ਕਰ ਚੁੱਕੀ ਹੈ।
ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵਰਚੁਅਲ ਸਮਾਗਮ ਦੌਰਾਨ ਮੁੱਖ ਮੰਤਰੀ ਨਾਲ ਗੱਲਬਾਤ ਕਰਦੇ ਹੋਏ ਅਧਿਆਪਕਾ ਪੂਜਾ ਸ਼ਰਮਾ। ਨਾਲ ਹਨ ਸਹਾਇਕ ਕਮਿਸ਼ਨਰ ਦੀਪਜੋਤ ਕੌਰ, ਜ਼ਿਲਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਤੇ ਹੋਰ।

English






