ਮੁੱਖ ਮੰਤਰੀ ਵੱਲੋਂ ਕੋਰੋਨਾ ਦੇ ਖਾਤਮੇ ਲਈ ਮਿਸ਼ਨ ਫਤਹਿ 2.0 ਨੂੰ ਸਫਲ ਬਣਾਉਣ ਦਾ ਸੱਦਾ

ਕਿਹਾ, ਮਹਾਮਾਰੀ ਨਾਲ ਨਜਿੱਠਣ ਲਈ ਨੌਜਵਾਨਾਂ ਦੀ ਭੂਮਿਕਾ ਅਹਿਮ
ਡਿਪਟੀ ਕਮਿਸ਼ਨਰ ਵੱਲੋਂ ਮਿਸ਼ਨ ਫਤਹਿ 2.0 ਤਹਿਤ ਬੈਜ ਅਤੇ ਸਟੀਕਰ ਜਾਰੀ
ਬਰਨਾਲਾ, 27 ਮਈ 2021
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਨੌਜਵਾਨਾਂ ਨਾਲ ਵਰਚੂਅਲ ਸੰਵਾਦ ਦੌਰਾਨ ਉਨਾਂ ਨੂੰ ‘ਕੋਰੋਨਾ ਮੁਕਤ ਪੰਜਾਬ ਅਭਿਆਨ’ ਤਹਿਤ ਮਿਸ਼ਨ ਫਤਹਿ 2.0 ਨਾਲ ਜੁੜਨ ਦਾ ਸੱਦਾ ਦਿੱਤਾ ਹੈ ਤਾਂ ਜੋ ਪੰਜਾਬ ਵਿਚੋਂ ਕਰੋਨਾ ਨੂੰ ਖ਼ਤਮ ਕਰਕੇ ਸੂਬੇ ਨੂੰ ‘ਤੰਦਰੁਸਤ ਪੰਜਾਬ’ ਬਣਾਇਆ ਜਾ ਸਕੇ। ਇਸ ਦੌਰਾਨ ਉਨਾਂ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਪਿੰਡਾਂ ਵਿੱਚ ਰੂਰਲ ਕੋਰੋਨਾ ਵਲੰਟੀਅਰਾਂ (ਆਰ.ਸੀ.ਵੀ.) ਦੇ ਸਮੂਹ ਕਾਇਮ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨਾਂ ਕੋਵਿਡ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਸੋਸ਼ਲ ਮੀਡੀਆ ਉੱਤੇ ਹੋ ਰਹੇ ਗੁਮਰਾਹਕੁੰਨ ਪ੍ਰਚਾਰ ਨੂੰ ਰੋਕਣ ਲਈ ਵੀ ਨੌਜਵਾਨਾਂ ਨੂੰ ਅਹਿਮ ਭੂਮਿਕਾ ਨਿਭਾਉਣ ਲਈ ਕਿਹਾ।
ਇਸ ਮੌਕੇ ਜ਼ਿਲਾ ਸਦਰ ਮੁਕਾਮ ਤੋਂ ਇਸ ਪ੍ਰੋਗਰਾਮ ’ਚ ਜੁੜੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਖਿਆ ਕਿ ਜ਼ਿਲੇ ਵਿਚ ਨੌਜਵਾਨਾਂ ਨੂੰ ਮਿਸ਼ਨ ਫਤਹਿ ਵਾਂਗ ਮਿਸ਼ਨ ਫਤਹਿ 2.0 ਵਿਚ ਵੀ ਸਰਗਰਮੀ ਨਾਲ ਜੋੜਿਆ ਜਾਵੇਗਾ ਤਾਂ ਜੋ ਕਰੋਨਾ ਮਹਾਮਾਰੀ ਦਾ ਖਾਤਮਾ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਇਹ ਵਰਚੁਅਲ ਪ੍ਰੋਗਰਾਮ ਜ਼ਿਲੇ ਵਿਚ ਵੱਖ ਵੱਖ ਥਾਈਂ ਚਲਾਇਆ ਗਿਆ ਹੈ ਤਾਂ ਜੋ ਕਰੋਨਾ ਮੁਕਤ ਪੰਜਾਬ ਦਾ ਸੁਨੇਹਾ ਘਰ ਘਰ ਪੁੱਜ ਸਕੇ। ਇਸ ਮੌਕੇ ਸੂਬੇ ਦੀ ਕੋਵਿਡ ਟੀਕਾਕਰਨ ਮੁਹਿੰਮ ਦੇ ਬ੍ਰਾਂਡ ਅੰਬੈਸਡਰ ਅਦਾਕਾਰ ਸੋਨੂੰ ਸੂਦ ਨੇ ਪੇਂਡੂ ਖੇਤਰਾਂ ਵਿਚ ਸੈਂਪਲਿੰਗ ਅਤੇ ਟੀਕਾਕਰਨ ਦੀ ਮਹੱਤਤਾ ਤੋਂ ਲੋਕਾਂ ਨੂੰ ਜਾਣੰੂ ਕਰਵਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਫੂਲਕਾ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਵਿਜੈ ਭਾਸਕਰ ਵੱਲੋਂ ਟੀਕਾਕਰਨ ਸਬੰਧੀ ਬੈਜ ਅਤੇ ਸਟੀਕਰ ਜਾਰੀ ਕੀਤੇ ਗਏ। ਇਸ ਮੌਕੇ ਖੇਡ ਵਿਭਾਗ ਤੋਂ ਕੋਚ ਗੁਰਵਿੰਦਰ ਕੌਰ, ਜੀਓਜੀ (ਖੁਸ਼ਹਾਲੀ ਦੇ ਰਾਖੇ) ਤੇ ਵਲੰਟੀਅਰ ਹਾਜ਼ਰ ਸਨ।