ਲੋਕਤੰਤਰ ਅਤੇ ਚੋਣਾਂ ਵਿਸ਼ੇ ‘ਤੇ ਵੋਟਰ ਜਾਗਰੂਕਤਾ ਲਈ ਹੋਵੇਗਾ “ਮੁਕਾਬਲਾ ਬੋਲੀਆਂ ਦਾ”-ਜ਼ਿਲ੍ਹਾ ਚੋਣ ਅਫ਼ਸਰ

ਲੋਕਾਂ ਨੂੰ ਵੋਟਾਂ ਦੀ ਮਹੱਤਤਾ, ਲੋਕਤੰਤਰੀ ਵਿਵਸਥਾ, ਵੋਟ ਦੀ ਸਹੀ ਵਰਤੋਂ ਆਦਿ ਬਾਰੇ ਦੱਸਣ ਲਈ ਕਰਵਾਏ ਜਾ ਰਹੇ ਹਨ ਇਹ ਮੁਕਾਬਲੇ
ਆਂਗਣਵਾੜੀ ਵਰਕਰ, ਆਸ਼ਾ ਵਰਕਰ ਤੇ ਮਹਿਲਾ ਵੋਟਰ ਲੈ ਸਕਦੀਆਂ ਹਨ ਭਾਗ
ਤਰਨ ਤਾਰਨ, 06 ਜਨਵਰੀ :
ਕੌਮੀ ਵੋਟਰ ਦਿਵਸ 2021 ਮੌਕੇ ਵੋਟਰ ਜਾਗਰੂਕਤਾ ਲਈ ਜਿਲ੍ਹਾ ਪੱਧਰੀ ‘ਮੁਕਾਬਲਾ ਬੋਲੀਆਂ ਦਾ’ ਹੋਵੇਗਾ, ਜਿਸ ਵਿਚ ਆਂਗਣਵਾੜੀ ਵਰਕਰ, ਆਸ਼ਾ ਵਰਕਰ ਤੇ ਮਹਿਲਾ ਵੋਟਰ ਭਾਗ ਲੈ ਸਕਦੇ ਹਨ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਵੋਟਾਂ ਦੀ ਮਹੱਤਤਾ, ਲੋਕਤੰਤਰੀ ਵਿਵਸਥਾ, ਵੋਟ ਦੀ ਸਹੀ ਵਰਤੋਂ ਆਦਿ ਬਾਰੇ ਦੱਸਣ ਲਈ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਲੋਕਤੰਤਰੀ ਭਾਗੀਦਾਰੀ  ਨੂੰ ਵਧਾਉਣ ਲਈ ਇਹ ਜ਼ਰੂਰੀ ਹੈ, ਕਿ ਉਹ ਆਪਣੇ ਜਮਹੂਰੀ ਹੱਕਾਂ ਬਾਰੇ ਜਾਗਰੂਕ ਹੋਣ ਜਿਸ ਕਰਕੇ ਭਾਰਤੀ ਚੋਣ ਕਮਿਸ਼ਨ ਵਲੋਂ ਸਮੇਂ ਸਮੇਂ ਸਿਰ ਅਜਿਹੇ ਮੁਕਾਬਲੇ ਕਰਵਾਏ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਲੋਕਤੰਤਰ ਤੇ ਚੋਣਾਂ ਵਿਸ਼ੇ ’ਤੇ ਬੋਲੀਆਂ ਤਿਆਰ ਕਰਕੇ 7 ਜਨਵਰੀ, 2021 ਨੂੰ ਜਿਲ੍ਹਾ ਚੋਣ ਦਫਤਰ ਦੀ ਈ-ਮੇਲ etttn@punjab.gov.in ਉੱਪਰ ਜਾਂ ਜਿਲ੍ਹਾ ਚੋਣ ਦਫਤਰ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਵਿਖੇ ਭੇਜੀਆਂ ਜਾਣ।
ਇਸ ਤੋਂ ਇਲਾਵਾ ਉਨ੍ਹਾਂ ਸਪੱਸ਼ਟ ਕੀਤਾ ਕਿ ਬੋਲੀਆਂ ਪੰਜਾਬੀ ਭਾਸ਼ਾ ਵਿਚ ਹੋਣੀਆਂ ਚਾਹੀਦੀਆਂ ਹਨ ਅਤੇ ਸਾਰੇ ਜਿਲਿਆਂ ਦੀਆਂ ਬੋਲੀਆਂ ਵਿਚੋਂ ਚੋਣਵੀਆਂ ਬੋਲੀਆਂ ਨੂੰ ਦਫਤਰ , ਮੁੱਖ ਚੋਣ ਅਫਸਰ ਪੰਜਾਬ ਵਲੋਂ ਇਕ ਕਿਤਾਬ ਦਾ ਰੂਪ ਦਿੱਤਾ ਜਾਵੇਗਾ।ਇਸ ਕਿਤਾਬ ਨੂੰ ਕੌਮੀ ਵੋਟਰ ਦਿਵਸ ਮੌਕੇ ਜਾਰੀ ਕੀਤਾ ਜਾਵੇਗਾ ਅਤੇ ਚੁਣੀਆਂ ਗਈਆਂ ਬੋਲੀਆਂ ਲਿਖਣ ਵਾਲੀਆਂ ਮਹਿਲਾਵਾਂ ਨੂੰ ਪ੍ਰਮਾਣ ਪੱਤਰ ਵੀ ਦਿੱਤੇ ਜਾਣਗੇ।