ਵਿਰੋਧੀ ਧਿਰ ਦੇ ਨੇਤਾ ਨੇ ਪਾਣੀ ਦੀ ਮਾਰ ਹੇਠ ਆਏ ਲੰਬੀ ਅਤੇ ਬੱਲੂਆਣਾ ਦੇ ਪਿੰਡਾਂ ਦਾ ਕੀਤਾ ਦੌਰਾ
ਫ਼ਸਲਾਂ, ਘਰਾਂ ਅਤੇ ਪਸ਼ੂਆਂ ਦੇ ਨੁਕਸਾਨ ਦਾ 100 ਫ਼ੀਸਦੀ ਮੁਆਵਜ਼ਾ ਦੇਵੇ ਸਰਕਾਰ-‘ਆਪ’
ਮਲੋਟ/ਅਬੋਹਰ, 24 ਅਗਸਤ 2020
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸ੍ਰੀ ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ ਜ਼ਿਲ੍ਹਿਆਂ ‘ਚ ਪਾਣੀ ਦੀ ਮਾਰ ਹੇਠ ਇਲਾਕੇ ਦਾ ਦੌਰਾ ਕਰਦਿਆਂ ਦੋਸ਼ ਲਗਾਇਆ ਕਿ ਬਾਦਲਾਂ ਅਤੇ ਕਾਂਗਰਸੀਆਂ ਵੱਲੋਂ ਸੇਮ ਨਾਲਿਆਂ (ਡਰੇਨਾਂ) ਦੇ ਕੀਤੇ ਗਏ ਸਿਆਸੀਕਰਨ ਦੀ ਅੱਜ ਲੋਕ ਬਰਬਾਦ ਹੋ ਕੇ ਕੀਮਤ ਚੁਕਾ ਰਹੇ ਹਨ।
ਲੰਬੀ ਹਲਕੇ ਦੇ ਪਿੰਡ ਪੱਕੀ ਟਿੱਬੀ ਅਤੇ ਬੱਲੂਆਣਾ (ਫ਼ਾਜ਼ਿਲਕਾ) ਹਲਕੇ ਦੇ ਪਿੰਡਾਂ ਕੇਰਾਂ ਖੇੜਾ, ਭੰਗਾਲਾ ਅਤੇ ਕਰਮ ਪੱਟੀ ਪਿੰਡਾਂ ਦਾ ਦੌਰਾ ਕਰਨ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਇਲਾਕੇ ਦੇ ਕਰੀਬ 2 ਦਰਜਨ ਪਿੰਡ ਪਾਣੀ ਦੀ ਭਿਅੰਕਰ ਮਾਲ ਥੱਲੇ ਆਏ ਹਨ। ਹੋਰ ਵੀ ਦੁੱਖ ਦੀ ਗੱਲ ਇਹ ਹੈ ਕਿ ਪੀੜਤ ਲੋਕ ਕੁਦਰਤ ਨਾਲੋਂ ਜ਼ਿਆਦਾ ਬਾਦਲਾਂ ਵੱਲੋਂ ਆਪਣੀਆਂ ਅਤੇ ਆਪਣੇ ‘ਜਥੇਦਾਰਾਂ’ ਦੀਆਂ ਜ਼ਮੀਨਾਂ ਬਚਾਉਣ ਲਈ ਲੰਬੀ ਹਲਕੇ ‘ਚ ਕੱਢੇ ਸੇਮ ਨਾਲਿਆਂ (ਡਰੇਨਾਂ) ਨੂੰ ਮੰਨ ਰਹੇ ਹਨ, ਕਿਉਂਕਿ ਇਨ੍ਹਾਂ ਸੇਮ ਨਾਲਿਆਂ ਦਾ ਡਿਜ਼ਾਈਨ ਅਤੇ ਦਿਸ਼ਾ ਤਕਨੀਕੀ ਤੌਰ ‘ਤੇ ਨੁਕਸਦਾਰ ਅਤੇ ਕੁਦਰਤੀ ਵਹਾਅ ਦੇ ਉਲਟ ਹਨ, ਨਤੀਜੇ ਵਜੋਂ ਇਹ ਨਾਲੇ ਇਸ ਪੂਰੇ ਇਲਾਕੇ ਦੀ ਬਰਬਾਦੀ ਦਾ ਕਾਰਨ ਬਣ ਗਏ।
ਹਰਪਾਲ ਸਿੰਘ ਚੀਮਾ ਨੇ ਇਸ ਪ੍ਰਭਾਵਿਤ ਇਲਾਕੇ ‘ਚ ਅਜੇ ਤਕ ਸੱਤਾਧਾਰੀ ਕਾਂਗਰਸੀਆਂ ਅਤੇ ਬਾਦਲਾਂ ਵੱਲੋਂ ਪਹੁੰਚ ਕੇ ਲੋਕਾਂ ਦੀ ਸਾਰ ਨਾ ਲਏ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ।
ਹਰਪਾਲ ਸਿੰਘ ਚੀਮਾ ਨੇ ਨਰਮੇ, ਜੀਰੀ, ਬਾਗ਼ਬਾਨੀ ਅਤੇ ਹਰੇ-ਚਾਰੇ ਸਮੇਤ ਨੁਕਸਾਨੇ ਗਏ ਘਰਾਂ ਅਤੇ ਮਾਰੇ ਗਏ ਪਸ਼ੂਆਂ ਦੇ ਨੁਕਸਾਨ ਦੀ 100 ਫ਼ੀਸਦੀ ਭਰਪਾਈ ਲਈ ਤੁਰੰਤ ਮੁਆਵਜ਼ਾ ਮੰਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਉਲਟੀ-ਦਿਸ਼ਾ ‘ਚ ਵਗਦੇ ਸੇਮ ਨਾਲਿਆਂ ਕਾਰਨ ਦਰਜਨਾਂ ਪਿੰਡ ਸੇਮ ਨਾਲਿਆਂ ਦੇ ਪ੍ਰਭਾਵ ‘ਚ ਆ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਚਰਨਜੀਤ ਸਿੰਘ ਸਰਾਂ, ਦੀਪ ਕੰਬੋਜ, ਪੰਕਜ ਨਰੂਲਾ, ਵਿਜੈ ਗੁਪਤਾ, ਸੰਦੀਪ ਜੋਖਪਾਲ, ਸਮਰਵੀਰ, ਅਰੂਣ ਵਧਵਾ, ਅਸੀਮ ਗਿਰਧਰ, ਕਰਨ ਬਰਾੜ, ਗੋਲਡੀ ਕੰਬੋਜ, ਦੇਵ ਰਾਮ ਸ਼ਰਮਾ, ਸੁਖਵਿੰਦਰ ਕੰਬੋਜ ਆਦਿ ਆਗੂ ਸ਼ਾਮਲ ਸਨ।

English






