ਵਜ਼ੀਫ਼ਾ ਘੋਟਾਲਾ- ਧਰਮਸੋਤ ਵਿਰੁੱਧ ਧਰਨੇ ‘ਤੇ ਬੈਠੇ ‘ਆਪ’ ਦੇ ਆਗੂ ਕੀਤੇ ਗਿ੍ਰਫਤਾਰ

aap protest harpal singh cheema

-ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪ੍ਰੋ. ਬਲਜਿੰਦਰ ਕੌਰ ਨੇ ਸੈਂਕੜੇ ਸਮਰਥਕਾਂ ਨਾਲ ਥਾਣੇ ਮੂਹਰੇ ਧਰਨਾ ਲਗਾਇਆ
-ਜਦ ਤੱਕ ਧਰਮਸੋਤ ਨੂੰ ਮੰਤਰੀ ਮੰਡਲ ‘ਚੋਂ ਕੱਢਿਆ ਨਹੀਂ ਜਾਂਦਾ ਉਦੋਂ ਤੱਕ ਦਮ ਨਹੀਂ ਲਵੇਗੀ ‘ਆਪ’- ਹਰਪਾਲ ਸਿੰਘ ਚੀਮਾ

ਨਾਭਾ/ਪਟਿਆਲਾ, 10 ਸਤੰਬਰ 2020
ਦਲਿਤ ਵਿਦਿਆਰਥੀਆਂ ਨਾਲ ਸੰਬੰਧਿਤ ਪੋਸਟ ਮੈਟਿ੍ਰਕ ਸਕਾਲਰਸ਼ਿਪ (ਵਜ਼ੀਫ਼ਾ) ਸਕੀਮ ਦੇ 64 ਕਰੋੜ ਰੁਪਏ ਦੇ ਘੁਟਾਲੇ ‘ਚ ਘਿਰੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਰਖ਼ਾਸਤ ਕਰਨ ਦੀ ਮੰਗ ‘ਤੇ ਅੜੀ ਆਮ ਆਦਮੀ ਪਾਰਟੀ (ਆਪ) ਵੱਲੋਂ ਧਰਮਸੋਤ ਦੀ ਕੋਠੀ ਸਾਹਮਣੇ ਲਗਾਇਆ ‘ਪੱਕਾ ਮੋਰਚਾ’ 10ਵੇਂ ਦਿਨ ਵੀ ਜਾਰੀ ਰਿਹਾ ਪਰੰਤੂ ਅੱਜ (ਵੀਰਵਾਰ) ਨੂੰ ਨਾਭਾ ਪੁਲਸ ਨੇ ਧਰਨੇ ‘ਤੇ ਬੈਠੇ ‘ਆਪ’ ਆਗੂ ਦੇਵ ਮਾਨ, ਜੱਸੀ ਸੋਹੀਆਂਵਾਲਾ ਅਤੇ ਚੇਤਨ ਸਿੰਘ ਜੋੜੇਮਾਜਰਾ ਸਮੇਤ 5 ਆਗੂਆਂ ਨੂੰ ਪੁਲਸ ਹਿਰਾਸਤ ਵਿਚ ਲੈ ਲਿਆ ਗਿਆ ਹੈ।
‘ਆਪ’ ਆਗੂਆਂ ਦੀ ਗਿ੍ਰਫਤਾਰੀ ਉਪਰੰਤ ਵਿਰੋਧ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਯੂਥ ਆਗੂ ਨਰਿੰਦਰ ਕੌਰ ਭਰਾਜ, ਐਡਵੋਕੇਟ ਗਿਆਨ ਸਿੰਘ ਮੂੰਗੋ, ਕੁੰਦਨ ਗੋਗੀਆ, ਪ੍ਰੀਤੀ ਮਲਹੋਤਰਾ, ਅਮਰੀਕ ਸਿੰਘ ਬੰਗੜ ਸਮੇਤ ਸਥਾਨਕ ਆਗੂਆਂ ਨੇ ਲਗਭਗ 150 ਸਮਰਥਕਾਂ ਨਾਲ ਨਾਭੇ ਥਾਣੇ ਮੂਹਰੇ ਧਰਨਾ ਲਗਾ ਲਿਆ। ਜੋ ਦੇਰ ਰਾਤ ਤੱਕ ਜਾਰੀ ਸੀ।
ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਲੱਖਾਂ ਦਲਿਤ ਵਿਦਿਆਰਥੀਆਂ ਦੇ ਭਵਿੱਖ ਨੂੰ ਬਰਬਾਦ ਕਰਨ ਦਾ ਦੋਸ਼ੀ ਹੈ ਅਤੇ ਅਜਿਹੇ ਭਿ੍ਰਸ਼ਟਾਚਾਰੀਆਂ ਨੂੰ ਜਦ ਤੱਕ ਮੰਤਰੀ ਦੀ ਕੁਰਸੀ ਤੋਂ ਲਾਹ ਕੇ ਗਿ੍ਰਫਤਾਰ ਅਤੇ ਇਸ ਘੁਟਾਲੇ ‘ਚ ਸ਼ਾਮਲ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਿਰੁੱਧ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਉਦੋਂ ਤੱਕ ‘ਆਪ’ ਦਾ ਸੰਘਰਸ਼ ਦਿਨ ਪ੍ਰਤੀ ਦਿਨ ਪ੍ਰਚੰਡ ਹੁੰਦਾ ਜਾਵੇਗਾ। ਜਿਸ ਦਾ ਸੇਕ ਮੁੱਖ ਮੰਤਰੀ ਦੇ ਸਿਸਵਾਂ ਸਥਿਤ ਸ਼ਾਹੀ ਫਾਰਮ ਹਾਊਸ ਤੱਕ ਵੀ ਪਹੁੰਚੇਗਾ।
ਚੀਮਾ ਨੇ ਕਿਹਾ ਕਿ ਧਰਮਸੋਤ ਦੀ ਸਰਪ੍ਰਸਤੀ ਥੱਲੇ ਚੱਲਦੇ ਇਸ ਭਿ੍ਰਸ਼ਟਾਚਾਰੀ ਗਿਰੋਹ ‘ਚ ਫਗਵਾੜਾ ਦੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਨਾਂ ਉੱਛਲਿਆ ਹੈ। ਜਿਸ ਕਰਕੇ ‘ਆਪ’ ਨੇ ਫਗਵਾੜਾ ਸਥਿਤ ਧਾਲੀਵਾਲ ਦੀ ਰਿਹਾਇਸ਼ ਮੂਹਰੇ ਵੀ ਧਰਨਾ ਲਗਾਇਆ ਹੋਇਆ ਹੈ ਜੋ ਅੱਜ ਦੂਜੇ ਦਿਨ ‘ਚ ਪਹੁੰਚ ਗਿਆ ਹੈ।
ਇਸ ਮੌਕੇ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਇਸ ਦਾਗ਼ੀ ਮੰਤਰੀ ਵਿਰੁੱਧ ਕਾਰਵਾਈ ਨਹੀਂ ਕਰਨਗੇ ਤਾਂ ਮੁੱਖ ਮੰਤਰੀ ਦਾ ਫਾਰਮ ਹਾਊਸ ਵੀ ਘੇਰਿਆ ਜਾਵੇਗਾ।
ਉਨਾਂ ਕੇਂਦਰ ਵੱਲੋਂ ਇਸ ਘੁਟਾਲੇ ਦੀ ਜਾਂਚ ਲਈ ਗਠਿਤ ਤਿੰਨ ਮੈਂਬਰੀ ਟੀਮ ਉੱਤੇ ਮਾਨਯੋਗ ਹਾਈਕੋਰਟ ਦੀ ਨਿਗਰਾਨੀ ਦੀ ਮੰਗ ਕੀਤੀ।