ਐਸ.ਏ.ਐਸ.ਨਗਰ, 14 ਸਤੰਬਰ :
1 ਸਤੰਬਰ ਤੋਂ 30 ਸਤੰਬਰ ਤਕ ਚੱਲ ਰਹੇ ‘ਪੋਸ਼ਣ ਮਾਹ’ ਤਹਿਤ ਸਿਹਤ ਵਿਭਾਗ ਵਲੋਂ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਦੁੱਲਵਾਂ ਵਿਖੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਸਰਕਾਰੀ ਮੈਡੀਕਲ ਕਾਲਜ ਮੋਹਾਲੀ ਤੋਂ ਡਾਕਟਰਾਂ ਦੀ ਟੀਮ ਵਿਸ਼ੇਸ਼ ਤੌਰ ’ਤੇ ਪਹੁੰਚੀ। ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਦੀ ਅਗਵਾਈ ਹੇਠ ਹੋਏ ਸਮਾਗਮ ਵਿਚ ਡਾਕਟਰਾਂ ਨੇ ‘ਪੋਸ਼ਣ ਮਾਹ’ ਸਬੰਧੀ ਵਿਸਤਿ੍ਰਤ ਜਾਣਕਾਰੀ ਦਿਤੀ ਅਤੇ ਦਸਿਆ ਕਿ ‘ਸਹੀ ਪੋਸ਼ਣ ਦੇਸ਼ ਰੋਸ਼ਨ’ ਦੇ ਨਾਅਰੇ ਹੇਠ ਚਲਾਈ ਜਾ ਰਹੀ ਇਸ ਮੁਹਿੰਮ ਦਾ ਉਦੇਸ਼ ਬੱਚਿਆਂ, ਕਿਸ਼ੋਰਾਂ, ਮਹਿਲਾਵਾਂ ਨੂੰ ਕੁਪੋਸ਼ਣ ਮੁਕਤ ਬਣਾ ਕੇ ਸਿਹਤਮੰਦ ਰਾਸ਼ਟਰ ਦੀ ਸਿਰਜਣਾ ਹੈ। ਮੈਡੀਕਲ ਕਾਲਜ ਦੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਮੁਖੀ ਡਾ. ਅੰਮ੍ਰਿਤ ਕੌਰ ਵਿਰਕ ਨੇ ਆਪਣੇ ਸੰਬੋਧਨ ਵਿਚ ਆਖਿਆ ਕਿ ਇਸ ਅਭਿਆਨ ਦਾ ਮੁੱਖ ਮਕਸਦ 0-6 ਸਾਲ ਦੇ ਬੱਚਿਆਂ, ਗਰਭਵਤੀ ਔਰਤਾਂ, ਬੱਚੇ ਪਾਲ ਰਹੀਆਂ ਮਾਂਵਾਂ ਅਤੇ ਕਿਸ਼ੋਰੀਆਂ ਵਿੱਚ ਕੁਪੋਸ਼ਣ ਦੀ ਸਮੱਸਿਆਂ ਨੂੰ ਦੂਰ ਕਰਨਾ ਅਤੇ ਸਿਹਤ ਪੱਧਰ ਨੂੰ ਉੱਚਾ ਚੁੱਕਣਾ ਹੈ। ਉਨ੍ਹਾਂ ਕਿਹਾ ਕਿ ਇੱਕ ਸਿਹਤਮੰਦ ਸਮਾਜ ਦੀ ਸਿਰਜਨਾ ਤਾਂ ਹੀ ਕੀਤੀ ਜਾ ਸਕਦੀ ਹੈ ਜੇਕਰ ਗਰਭਵਤੀ ਮਾਂ ਅਤੇ ਬੱਚੇ ਦੀ ਸਿਹਤ ਤੇ ਖੁਰਾਕ ਦਾ ਗਰਭ ਧਾਰਨ ਦੇ ਸ਼ੁਰੂ ਤੋਂ ਹੀ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਹੀ ਅਤੇ ਸੰਤੁਲਿਤ ਪੋਸ਼ਣ ਹਰ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਅ ਕਰਦਾ ਹੈ।

English






