ਸਿੱਖਿਆ ਅਧਿਕਾਰੀ ਰੋਜ਼ਾਨਾ ਕਰ ਰਹੇ ਨੇ ‘ਘਰ-ਘਰ ਸਿੱਖਿਆ’ ਮੁਹਿੰਮ ਦਾ ਨਿਰੀਖਣ

ਪਟਿਆਲਾ 21 ਮਈ, 2021:
ਕੋਵਿਡ-19 ਮਹਾਂਮਾਰੀ ਕਾਰਨ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲ ਬੰਦ ਹੋ ਜਾਣ ਕਾਰਨ ਵਿੱਦਿਅਕ ਗਤੀਵਿਧੀਆਂ ਲਈ ਬਦਲਵੇਂ ਪ੍ਰਬੰਧਾਂ ਤਹਿਤ ਚਲਾਈ ਗਈ ਆਨਲਾਈਨ ਸਿੱਖਿਆ ਮੁਹਿੰਮ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਹਰ ਰੋਜ਼ ਵੱਖ-ਵੱਖ 3 ਤੋਂ 4 ਸਕੂਲਾਂ ‘ਚ ਜਾ ਕੇ ਨਿਰੀਖਣ ਕਰ ਰਹੇ ਹਨ। ਵਿਭਾਗ ਦੀ ‘ਘਰ-ਘਰ ਸਿੱਖਿਆ ਮੁਹਿੰਮ’ ਤਹਿਤ ਡੀ.ਈ.ਓ. ਵੱਲੋਂ ਬੀਤੇ ਕੱਲ੍ਹ ਸਰਕਾਰੀ ਪ੍ਰਾਇਮਰੀ ਸਕੂਲ ਬਹਿਲ, ਬਰਕਤਪੁਰ ਤੇ ਦੇਵੀਗੜ੍ਹ, ਅੱਜ ਸਰਕਾਰੀ ਪ੍ਰਾਇਮਰੀ ਸਕੂਲ ਧਰੇੜੀ ਜੱਟਾਂ, ਨੈਣ ਤੇ ਸ਼ੇਰ ਮਾਜਰਾ ਦਾ ਦੌਰਾ ਕੀਤਾ। ਜਿਸ ਦੌਰਾਨ ਉਹ ਅਧਿਆਪਕਾਂ ਵੱਲੋਂ ਲਗਾਈਆਂ ਜਾ ਰਹੀਆਂ ਆਨਲਾਈਨ ਜਮਾਤਾਂ ‘ਚ ਸ਼ਮੂਲੀਅਤ ਕਰਦੇ ਹਨ ਅਤੇ ਬੱਚਿਆਂ ਤੇ ਮਾਪਿਆਂ ਨਾਲ ਗੱਲਬਾਤ ਕਰਕੇ, ਪੜ੍ਹਾਈ ਸਬੰਧੀ ਜਾਣਕਾਰੀ ਲੈਂਦੇ ਹਨ।
ਇਸ ਸਬੰਧੀ ਇੰਜੀ. ਅਮਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਇਸ ਸੰਕਟ ਦੀ ਘੜੀ ‘ਚ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਵਿੱਦਿਅਕ ਗਤੀਵਿਧੀਆਂ ਨਾਲ ਜੋੜਕੇ ਰੱਖਣਾ ਹੈ ਤਾਂ ਕਿ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਆਪਣੇ ਦੌਰੇ ਦੌਰਾਨ ਅਧਿਆਪਕਾਂ ਨੂੰ ਹੱਲਾਸ਼ੇਰੀ ਦੇਣਾ ਤੇ ਉਨ੍ਹਾਂ ਨੂੰ ਲੋੜੀਂਦੇ ਸੁਝਾਅ ਦੇਣਾ ਹੈ।
ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਅਧਿਆਪਕਾਂ ਵੱਲੋਂ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ ਜਾ ਰਹੀ ਹੈ। ਉਨ੍ਹਾਂ ਦੀ ਟੀਮ ‘ਚ ਸ਼ਾਮਲ ਪੜ੍ਹੋ ਪੰਜਾਬ ਪੜਾਓ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ ਰਾਜਵੰਤ ਸਿੰਘ, ਸਮਾਰਟ ਸਕੂਲ ਕੋਆਰਡੀਨੇਟਰ ਲਖਵਿੰਦਰ ਸਿੰਘ ਕੌਲੀ ਤੇ ਜਗਜੀਤ ਸਿੰਘ ਵਾਲੀਆ ਵੀ ਸਕੂਲ ਦੀਆਂ ਵਿੱਦਿਅਕ ਗਤੀਵਿਧੀਆਂ, ਸਫ਼ਾਈ ਤੇ ਹੋਰਨਾਂ ਸਹੂਲਤਾਂ ਬਾਰੇ ਅਧਿਆਪਕਾਂ ਨੂੰ ਅਗਵਾਈ ਦਿੰਦੇ ਹਨ। ਸਰਕਾਰੀ ਪ੍ਰਾਇਮਰੀ ਸਕੂਲ ਧਰੇੜੀ ਜੱਟਾਂ ਦੀ ਅਧਿਆਪਕਾ ਜਗਮੀਤ ਕੌਰ ਤੇ ਰੁਬੀਨਾ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੈ ਕਿ ਉਨ੍ਹਾਂ ਦੇ ਅਧਿਕਾਰੀ ਨਿਰੰਤਰ ਸਕੂਲਾਂ ਨਾਲ ਜੁੜੇ ਹੋਏ ਹਨ ਤੇ ਉਨ੍ਹਾਂ ਦਾ ਉਤਸ਼ਾਹ ਵਧਾ ਰਹੇ ਹਨ।
ਉਨ੍ਹਾਂ ਦੱਸਿਆ ਸਕੂਲ ਦੇ ਕੁੱਲ 51 ਵਿਦਿਆਰਥੀਆਂ ‘ਚੋਂ ਰੋਜ਼ਾਨਾ 45 ਦੇ ਕਰੀਬ ਵਿਦਿਆਰਥੀ ਜ਼ੂਮ ਐਪ ਜਾਂ ਹੋਰਨਾਂ ਐਪਸ ਰਾਹੀਂ ਉਨ੍ਹਾਂ ਨਾਲ ਰਾਬਤਾ ਬਣਾਉਂਦੇ ਹਨ ਤੇ ਸਕੂਲ ਦਾ ਕੰਮ ਲੈਂਦੇ ਅਤੇ ਚੈੱਕ ਕਰਵਾਉਂਦੇ ਹਨ। ਸਰਕਾਰੀ ਪ੍ਰਾਇਮਰੀ ਸਕੂਲ ਬਹਿਲ ਦੇ ਅਧਿਆਪਕ ਜਗਜੀਤ ਕੌਸ਼ਲ ਤੇ ਮੋਨਿਕਾ ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਵਿਦਿਆਰਥੀਆਂ ਦਾ ਬਕਾਇਦਾ ਟਾਈਮ ਟੇਬਲ ਬਣਾ ਕੇ, ਪੜ੍ਹਾ ਰਹੇ ਹਨ ਤੇ ਨਾਲ-ਨਾਲ ਮਨੋਰੰਜਕ ਗਤੀਵਿਧੀਆਂ ਵੀ ਕਰਵਾਉਂਦੇ ਹਨ।
ਤਸਵੀਰ:- ਸਰਕਾਰੀ ਪ੍ਰਾਇਮਰੀ ਸਕੂਲ ਧਰੇੜੀ ਜੱਟਾਂ ਵਿਖੇ ਡੀ.ਈ.ਓ. (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ, ਸਕੂਲ ਅਧਿਆਪਕਾਂ ਜਗਮੀਤ ਕੌਰ ਤੇ ਰੁਬੀਨਾ ਠਾਕੁਰ ਦੁਆਰਾ ਲਗਾਈ ਆਨਲਾਈਨ ਜਮਾਤ ‘ਚ ਸ਼ਮੂਲੀਅਤ ਕਰਦੇ ਹੋਏ।