ਸੈਂਪਲ ਫੇਲ ਹੋਣ ਦੇ 18 ਕੇਸਾਂ ’ਚ ਦੁਕਾਨਦਾਰਾਂ/ਫਰਮਾਂ ਨੂੰ ਭਾਰੀ ਜੁਰਮਾਨਾ: ਜ਼ਿਲਾ ਸਿਹਤ ਅਫਸਰ
ਬਰਨਾਲਾ, 15 ਸਤੰਬਰ:
ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੀ ਅਗਵਾਈ ਅਧੀਨ ਸਿਹਤ ਵਿਭਾਗ ਬਰਨਾਲਾ ਦੇ ਫੂਡ ਸੇਫ਼ਟੀ ਵਿੰਗ ਦੇ ਵੱਲੋਂ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ।
ਜ਼ਿਲਾ ਸਿਹਤ ਅਫਸਰ ਡਾ. ਜਸਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਚੈਕਿੰਗ ਮੁਹਿੰਮ ਅਧੀਨ ਖਾਧ ਪਦਾਰਥਾਂ ਦੇ ਸੈਂਪਲ ਲੈ ਕੇ ਸਟੇਟ ਲੈਬ ਨੂੰ ਭੇਜੇ ਜਾਂਦੇ ਹਨ। ਨਿਰਧਾਰਿਤ ਮਾਪਦੰਡਾਂ ’ਤੇ ਖਰੇ ਨਾ ਉਤਰਨ ਵਾਲੇ ਸੈਂਪਲਾਂ ਬਾਬਤ ਐਡਜੂਡਿਕੇਟਿੰਗ ਅਫ਼ਸਰ ਕਮ-ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਦੀ ਅਦਾਲਤ ਵਿੱਚ ਫੇਲ ਸੈਂਪਲਾਂ ਦੇ ਕੋਰਟ ਕੇਸ ਦਾਇਰ ਕੀਤੇ ਜਾਂਦੇ ਹਨ। ਉਨਾਂ ਦੱਸਿਆ ਕਿ ਪਿਛਲੇ ਸਮੇਂ ਦੇ 18 ਕੇਸਾਂ ਵਿੱਚ ਕੁੱਲ 7 ਲੱਖ 30 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ। ਇਸ ਦੌਰਾਨ ਧਨੌਲੇ ਤੋਂ ਘਿਉ ਦੇ ਸੈਂਪਲ ਲੈਣ ਮਗਰੋਂ ਬਠਿੰਡਾ ਦੀ ਫਰਮ ਨੂੰ ਸਭ ਤੋਂ ਵੱਧ 4 ਲੱਖ ਰੁਪਏ ਤੱਕ ਦਾ ਜੁਰਮਾਨਾ ਕੀਤਾ ਗਿਆ।
ਬਰਨਾਲਾ ਦੀ ਇੱਕ ਡੇਅਰੀ ਨੂੰ ਇੱਕ ਲੱਖ ਰੁਪਏ, ਲੁਧਿਆਣਾ ਦੀ ਫਰੂਟਬਨ ਬਣਾਉਣ ਵਾਲੀ ਫਰਮ ਨੂੰ ਇੱਕ ਲੱਖ ਰੁਪਏ ਅਤੇ ਹੋਰ ਖਾਣ-ਪੀਣ ਦੀਆਂ ਵਸਤੂਆਂ ਵਿੱਚ 1 ਲੱਖ 30 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ।
ਜ਼ਿਲਾ ਫੂਡ ਸੇਫਟੀ ਅਫਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਖਾਣ ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਸੈਂਪਲ ਲਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਮਿਆਰੀ ਖਾਧ ਪਦਾਰਥ ਮੁਹੱਈਆ ਕਰਾਏ ਜਾ ਸਕਣ।

English






