-‘ਆਪ’ ਵਿਧਾਇਕਾਂ ਨੇ ਸੈਣੀ ਨੂੰ ਲੈ ਕੇ ਰਾਜੇ ਅਤੇ ਬਾਦਲਾਂ ਨੂੰ ਘੇਰਿਆ
-ਸੈਣੀ ਦੇ ਕੇਸਾਂ ਲਈ ਸਰਕਾਰੀ ਖ਼ਜ਼ਾਨੇ ‘ਚ ਲੁਟਾਏ ਪੈਸੇ ਦੀ ਵਸੂਲੀ ਹੋਵੇ- ਸੰਧਵਾਂ
ਚੰਡੀਗੜ੍ਹ, 10 ਸਤੰਬਰ 2020
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾ, ਜੈ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ ਅਤੇ ਮਨਜੀਤ ਸਿੰਘ ਬਿਲਾਸਪੁਰ ਨੇ ਕਰੀਬ ਤਿੰਨ ਦਹਾਕੇ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਕੇਸ ‘ਚ ਫਸੇ ਸਾਬਕਾ ਡੀਜੀਪੀ ਸੁਮੇਧ ਸੈਣੀ ਦਾ ਜੈਡ ਸਕਿਉਰਿਟੀ ਦੇ ਬਾਵਜੂਦ ਭਗੌੜਾ ਹੋਣ ਅਤੇ ਸੈਣੀ ਬਾਰੇ ਹੋ ਰਹੇ ਸਨਸਨੀਖ਼ੇਜ਼ ਖ਼ੁਲਾਸਿਆਂ ਨੂੰ ਲੈ ਕੇ ਅਮਰਿੰਦਰ ਸਿੰਘ ਸਰਕਾਰ ਦੇ ਨਾਲ-ਨਾਲ ਬਾਦਲਾਂ ‘ਤੇ ਵੀ ਗੰਭੀਰ ਦੋਸ਼ ਲਗਾਏ ਹਨ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ‘ਆਪ’ ਆਗੂਆਂ ਨੇ ਕਿਹਾ ਕਿ ਅਦਾਲਤੀ ਹੁਕਮਾਂ ‘ਤੇ ਹੁਣ ਪੰਜਾਬ ਪੁਲਸ ਸੈਣੀ ਦੀ ਗ੍ਰਿਫਤਾਰੀ ਲਈ ਛਾਪੇ ਮਾਰਨ ਦੇ ਡਰਾਮੇ ਕਰ ਰਹੀ ਹੈ, ਜਦਕਿ ਸਵਾਲ ਇਹ ਹੈ ਕਿ ਜੈਡ ਸਕਿਉਰਿਟੀ ਦੇ ਬਾਵਜੂਦ ਸੁਮੇਧ ਸੈਣੀ ਭਗੌੜਾ ਹੋਣ ‘ਚ ਕਿਵੇਂ ਕਾਮਯਾਬ ਹੋ ਗਿਆ?
ਕੁਲਤਾਰ ਸਿੰਘ ਸੰਧਵਾਂ ਨੇ ਸਿੱਧਾ ਦੋਸ਼ ਲਗਾਇਆ ਕਿ ਅਮਰਿੰਦਰ ਸਿੰਘ ਸਰਕਾਰ ਵੀ ਬਾਦਲਾਂ ਦੀਆਂ ਅੱਖਾਂ ਦੇ ਇਸ ਤਾਰੇ ਨੂੰ ਬਚਾਉਣ ‘ਚ ਜੁਟੀ ਹੋਈ ਹੈ।
‘ਆਪ’ ਆਗੂਆਂ ਨੇ ਕਿਹਾ ਕਿ ਜੇਕਰ ਅਮਰਿੰਦਰ ਸਿੰਘ ਸਰਕਾਰ ਇਨਸਾਫ਼ ਪਸੰਦ ਹੁੰਦੀ ਤਾਂ ਨਾ ਕੇਵਲ ਮੁਲਤਾਨੀ ਸਗੋਂ ਸੈਣੀ ਮੋਟਰਜ਼ ਕਾਰੋਬਾਰੀ ਵਿਨੋਦ ਕੁਮਾਰ ਉਸ ਦੇ ਜੀਜਾ ਅਸ਼ੋਕ ਕੁਮਾਰ ਅਤੇ ਡਰਾਈਵਰ ਮੁਖ਼ਤਿਆਰ ਸਿੰਘ ਦੇ 15 ਮਾਰਚ 1994 ਨੂੰ ਹੋਏ ਅਗਵਾ ਅਤੇ ਉਨ੍ਹਾਂ ਦੀ ਪੱਕੀ ਗੁੰਮਸ਼ੁਦਗੀ ਵਾਲੇ ਮਾਮਲੇ ‘ਚ ਸੈਣੀ ਨੂੰ ਖਿੱਚਦੀ ਅਤੇ ਉਨ੍ਹਾਂ ਦੀ 24 ਸਾਲ ਕਾਨੂੰਨੀ ਲੜਾਈ ਲੜਨ ਵਾਲੀ ਬਿਰਧ ਮਾਤਾ ਨੂੰ ਇਨਸਾਫ਼ ਦਿੰਦੀ। ਇਨ੍ਹਾਂ ਹੀ ਨਹੀਂ ਸੈਣੀ ਵੱਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਅਤੇ ਬਾਦਲਾਂ ਦੇ ਰਾਜ ‘ਚ ਡੀਜੀਪੀ ਹੁੰਦਿਆਂ ਕੀਤੇ ਗਏ ਭ੍ਰਿਸ਼ਟਾਚਾਰ ਨਾਲ ਸੈਣੀ ਵੱਲੋਂ ਬਣਾਈ ਸੈਂਕੜੇ ਏਕੜ ਸੰਪਤੀ ਦੀ ਵੀ ਜਾਂਚ ਕਰਦੀ।
ਕੁਲਤਾਰ ਸਿੰਘ ਸੰਧਵਾਂ ਨੇ ਬਾਦਲਾਂ ਵੱਲੋਂ ਪਹਿਲਾਂ ਕਈ ਸੀਨੀਅਰ ਪੁਲਸ ਅਫ਼ਸਰਾਂ ਨੂੰ ਨਜ਼ਰਅੰਦਾਜ਼ ਕਰਕੇ ਸੁਮੇਧ ਸਿੰਘ ਸੈਣੀ ਨੂੰ ਡੀਜੀਪੀ ਬਣਾਉਣ ਅਤੇ ਫਿਰ ਸੁਮੇਧ ਸੈਣੀ ਵਿਰੁੱਧ 2 ਹੋਰ ਨਾਗਰਿਕਾਂ ਨੂੰ ਅਗਵਾ ਕਰਕੇ ਖਪਾ ਦੇਣ ਦੇ ਮਾਮਲੇ ‘ਚ ਸੈਣੀ ‘ਤੇ ਸੀਬੀਆਈ ਵੱਲੋਂ ਦਰਜ ਕੇਸ ਨੂੰ ਰੱਦ ਕਰਾਉਣ ਲਈ ਬਾਦਲ ਸਰਕਾਰ ਵੱਲੋਂ ਸਰਕਾਰੀ ਖ਼ਜ਼ਾਨੇ ‘ਚ ਸੁਪਰੀਮ ਕੋਰਟ ਦੇ ਤਿੰਨ ਸੀਨੀਅਰ ਵਕੀਲਾਂ ਹਰੀਸ਼ ਸਾਲਵੇ, ਰਸਤੋਗੀ ਅਤੇ ਰਵੀ ਸ਼ੰਕਰ ਪ੍ਰਸਾਦ (ਮੌਜੂਦਾ ਕੇਂਦਰੀ ਮੰਤਰੀ) ਦੀਆਂ ਮੋਟੀਆਂ ਫ਼ੀਸਾਂ ਅਦਾ ਕੀਤੀਆਂ ਗਈਆਂ। ‘ਆਪ’ ਆਗੂਆਂ ਨੇ ਇਹ ਸਾਰੇ ਖ਼ਰਚ ਬਾਦਲਾਂ ਤੋਂ ਵਸੂਲਣ ਦੀ ਮੰਗ ਕੀਤੀ।
ਬਾਦਲਾਂ ਅਤੇ ਸੁਮੇਧ ਸੈਣੀ ਦੀਆਂ ਸਾਂਝਾ ਦੇ ਹਵਾਲੇ ਨਾਲ ‘ਆਪ’ ਆਗੂਆਂ ਨੇ ਕਿਹਾ ਕਿ ਸੈਣੀ ਦੀ ਗ੍ਰਿਫਤਾਰੀ ਲਈ ਬਾਦਲਾਂ ਦੇ ਘਰਾਂ ਅਤੇ ਫਾਰਮ ਹਾਊਸਾਂ ‘ਤੇ ਛਾਪੇ ਮਾਰੇ ਜਾਣ।

English






