ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਪੰਜਾਬ ਸਰਕਾਰ ਵਲੋਂ ਵਰਚੁਅਲ ਅਰਦਾਸ ਸਮਾਗਮ

ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਵਿਸ਼ਵ ਲਈ ਚਾਨਣ ਮੁਨਾਰਾ-ਕੈਬਨਿਟ ਮੰਤਰੀ ਸ. ਰੰਧਾਵਾ

ਧਾਰੋਵਾਲੀ (ਗੁਰਦਾਸਪੁਰ), 1 ਮਈ (        ) ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਅੱਜ ਪੰਜਾਬ ਸਰਕਾਰ ਵਲੋਂ ਵਰਚੁਅਲ ਅਰਦਾਸ ਸਮਾਗਮ ਕਰਵਾਇਆ, ਜਿਸ ਤਹਿਤ ਗੁਰਦਾਸਪੁਰ ਜ਼ਿਲੇ ਅੰਦਰ ਸ. ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾਂ ਤੇ ਜੇਲ੍ਹਾਂ ਮੰਤਰੀ ਪੰਜਾਬ ਵਲੋਂ ਆਪਣੇ ਜੱਦੀ ਪਿੰਡ ਧਾਰੋਵਾਲੀ ਵਿਚ ਵਰਚੁਅਲ ਅਰਦਾਸ ਸਮਾਗਮ ਵਿਚ ਸ਼ਿਰਕਤ ਕੀਤੀ ਗਈ। ਇਸ ਮੌਕੇ ਅਰਸ਼ਦੀਪ ਸਿੰਘ ਲੁਬਾਣਾ ਐਸ.ਡੀ.ਐਮ ਡੇਰਾ ਬਾਬਾ ਨਾਨਕ/ਗੁਰਦਾਸਪੁਰ, ਪਿ੍ਰੰਸੀਪਲ ਹਕੂਮਤ ਰਾਏ ਅਚੇ ਚੇਅਰਮੈਨ ਨਰਿੰਦਰ ਸਿੰਘ ਬਾਜਵਾ ਆਦਿ ਮੋਜੂਦ ਸਨ।

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ’ਤੇ ਕੈਬਨਿਟ ਮੰਤਰੀ ਸ. ਰੰਧਾਵਾ ਨੇ ਜ਼ਿਲਾ ਗੁਰਦਾਸਪੁਰ ਸਮੇਤ ਸੂਬਾ ਵਾਸੀਆਂ ਤੇ ਦੇਸ਼-ਵਿਦੇਸ਼ ਵਿਚ ਵਸਦੇ ਪੰਜਾਬੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਨਿਮਰਤਾ ਤੇ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਤੇਗ ਬਹਾਦਰ ਜੀ ਵਲੋਂ ਦਿੱਤੀਆਂ ਸਿੱਖਿਆਵਾਂ ਵਿਸ਼ਵ ਲਈ ਚਾਨਣ ਮੁਨਾਰਾ ਹਨ ਅਤੇ ਉਨਾਂ ਦੀ ਲਾਸਾਨੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨਾਂ ਕਿਹਾ ਕਿ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਡੇ ਸਾਰਿਆਂ ਦੇ ਪ੍ਰੇਰਨਾਸਰੋਤ ਹਨ ਅਤੇ ਉਨਾਂ ਵਲੋਂ ਦਰਸਾਏ ਗਏ ਮਾਰਗ ਤੇ ਚੱਲਣ ਦੀ ਲੋੜ ਹੈ।

ਸ. ਰੰਧਾਵਾ ਨੇ ਲੋਕਾਂ ਨੂੰ ਗੁਰੂ ਸਾਹਿਬ ਵਲੋਂ ਪਿਆਰ, ਧਰਮ ਨਿਰਪੱਖਤਾ, ਧਾਰਮਿਕ ਸ਼ਹਿਨਸ਼ੀਲਤਾ ਅਤੇ ਧਰਮ ਮੰਨਣ ਦੀ ਆਜ਼ਾਦੀ ਦੇ ਦਿੱਤੇ ਸਰਬਵਿਅਪੀ ਸੰਦੇਸ ਨੂੰ ਅਪਣਾਉਣ ਦੀ ਅਪੀਲ ਕਰਦਿਆਂ ਸਰਬੱਤ ਦੀ ਭਲਾ ਦੀ ਅਰਦਾਸ ਕੀਤੀ। ਉਨਾਂ ਕਿਹਾ ਕਿ ਇਸ ਪਾਵਨ ਦਿਹਾੜੇ ਨੂੰ ਮਾਨਵਤਾ ਅਤੇ ਧਾਰਮਿਕ ਆਜ਼ਾਦੀ ਦੀ ਖਾਤਰ ਗੁਰੂ ਸਾਹਿਬ ਜੀ ਦੀ ਲਾਸਾਨੀ ਕੁਰਬਾਨੀ ਦੇ ਸੰਦੇਸ਼, ਜੀਵਨ ਤੇ ਫਿਲਾਸਫੀ ਸਮੁੱਚੇ ਸੰਸਾਰ ਲਈ ਪ੍ਰੇਰਨਾ ਸਰੋਤ ਹੈ। ਉਨਾਂ ਲੋਕਾਂ ਨੂੰ ਮਨੁੱਖਤਾ ਦੀਆਂ ਸੱਚੀਆਂ ਰਵਾਇਤਾਂ ਵਿਚ ਗੁਰੂ ਸਾਹਿਬ ਵਲੋਂ ਦਿਖਾਏ ਸਚਾਈ ਦੇ ਰਾਹ ਤੇ ਚੱਲਣ ਦੀ ਅਪੀਲ ਕਰਦਿਆਂ ਕਿਹਾ ਕਿ ਉਨਾਂ ਦੀਆਂ ਸਿੱਖਿਆਵਾਂ ਸਾਨੂੰ ਹਮੇਸਾਂ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ।

ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮਨਾਏ ਜਾਣ ਲਈ ਵਿਆਪਕ ਪੱਧਰ ਤੇ ਪ੍ਰੋਗਰਾਮ ਉਲੀਕੇ ਗਏ ਸਨ, ਪਰ ਕੋਵਿਡ ਮਹਾਂਮਾਰੀ ਦੀ ਦੂਜੀ ਮਾਰੂ ਲਹਿਰ ਕਾਰਨ ਪ੍ਰੋਗਰਾਮ ਰੱਦ ਕਰਨੇ ਪਏ ਅਤੇ ਅੱਜ ਵਰਚੁਅਲ ਅਰਦਾਸ ਸਮਾਗਮ ਕਰਵਾਇਆ ਗਿਆ ਹੈ। ਉਨਾਂ ਸਮੁੱਚੀ ਮਾਨਵਤਾ ਲਈ ਚੜ੍ਹਦੀ ਕਲਾ ਦੀ ਅਰਦਾਸ ਕਰਦਿਆਂ ਦੁਨੀਆਂ ਨੂੰ ਜਲਦ ਕੋਰੋਨਾ ਬਿਮਾਰੀ ਤੋਂ ਨਿਜਾਤ ਪਾਏ ਜਾਣ ਲਈ ਵੀ ਅਰਦਾਸ ਕੀਤੀ। ਇਸ ਮੌਕੇ ਸ. ਰੰਧਾਵਾ ਨੇ ਗੁਰੂ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਬਾ ਬਕਾਲਾ ਤੋ ਡੇਰਾ ਬਾਬਾ ਨਾਨਕ ਤਕ ਸੜਕ ਨੂੰ ਚਾਰ ਮਾਰਗੀ ਬਣਾਏ ਜਾਣ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਕੇਂਦਰੀ ਆਵਾਜਾਈ ਮੰਤਰੀ ਸ੍ਰੀ ਨਿਤਿਨ ਗਡਕਰੀ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕੀਤਾ।

————–ਕੈਪਸ਼ਨ—

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਵਰਚੁਅਲ ਅਰਦਾਸ ਸਮਾਗਮ ਦੌਰਾਨ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਪੰਜਾਬੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ।