ਹਰ ਸ਼ੁੱਕਰਵਾਰ, ਡੇਂਗੂ ‘ਤੇ ਵਾਰ ਮੁਹਿੰਮ ਤਹਿਤ ਸਿਹਤ ਵਿਭਾਗ ਵੱਲੌ ਜਿਲ੍ਹੇ ਦੇ ਪੁਲਿਸ ਸਟੇਸ਼ਨ, ਰੋਡਵੇਜ਼ ਵਰਕਸ਼ਾਪਾਂ ‘ਤੇ ਚਲਾਈ ਗਈ ਜਾਗਰੂਕਤਾ ਮੁਹਿੰਮ

ਰੂਪਨਗਰ, 10 ਨਵੰਬਰ:

ਸਿਵਲ ਸਰਜਨ ਰੂਪਨਗਰ ਡਾ ਪਰਮਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਹਤ ਵਿਭਾਗ ਰੂਪਨਗਰ ਵੱਲੋਂ ਅੱਜ ਸਮੁੱਚੇ ਜਿਲ੍ਹੇ ਵਿੱਚ ਹਰ ਸ਼ੁੱਕਰਵਾਰ, ਡੇਂਗੂ ਤੇ ਵਾਰ ਮੁਹਿੰਮ ਅਧੀਨ ਪੁਲਿਸ ਸਟੇਸ਼ਨ, ਪੁਲਿਸ ਲਾਈਨ,ਰੋਡਵੇਜ਼ ਵਰਕਸ਼ਾਪਾਂ ਅਤੇ ਟਾਇਰਾਂ ਦੀਆਂ ਦੁਕਾਨਾ ਤੇ  ਜਾਗਰੂਕਤਾ ਮੁਹਿੰਮ ਚਲਾਈ ਗਈ।

ਡਾ.ਪ੍ਰਭਲੀਨ ਕੌਰ ਅਤੇ ਡਾ.ਸੋਨਾਲੀ ਵੋਹਰਾ ਵੱਲੌਂ ਖੁਦ ਇਸ ਮੁਹਿੰਮ ਦੀ ਅਗਵਾਈ ਕਰਦਿਆਂ ਇਹਨਾਂ ਥਾਵਾਂ ਤੇ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਕਰ ਰਹੀਆਂ ਟੀਮਾ ਦਾ ਜਾਇਜਾ ਲਿਆ ਗਿਆ ਅਤੇ ਲੋਕਾਂ ਨੂੰ ਡੇਂਗੂ ਅਤੇ ਚਿਕਨਗੁਨੀਆਂ ਤੋਂ ਬਚਾਅ ਹਿੱਤ ਜਾਗਰੂਕ ਕਰਨ ਲਈ ਸਿਹਤ ਸਿੱਖਿਆ ਦਿੱਤੀ ਗਈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਹਨਾਂ ਥਾਵਾਂ ਤੇ ਡੇਂਗੂ ਜਾਗਰੂਕਤਾ ਹਿੱਤ ਸਰਵੇ ਕੀਤਾ ਗਿਆ।
ਇਸ ਮੋਕੇ ਜਾਣਕਾਰੀ ਦਿੰਦਿਆਂ ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਡੇਂਗੂ ਤੋਂ ਬਚਾ ਲਈ ਵਿਸ਼ੇਸ਼ ਮੁਹਿੰਮ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਲੋਕਾਂ ਨੂੰ ਵੈਕਟਰਬੋਰਨ ਬੀਮਾਰੀਆਂ ਤੋ ਬਚਾਉਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਤਤਪਰ ਹੈ ਅਤੇ ਇਸੇ ਲੜੀ ਤਹਿਤ ਹੀ ਅੱਜ ਸਿਹਤ ਵਿਭਾਗ ਦੇ ਅਮਲੇ ਵੱਲੋਂ ਪੂਰੇ ਜਿਲ੍ਹੇ ਦੇ ਪੁਲਿਸ ਸਟੇਸ਼ਨਾਂ, ਟਾਇਰਾਂ ਦੀ ਦੁਕਾਨਾ ਅਤੇ ਰੋਡਵੇਜ਼ ਵਰਕਸ਼ਾਪ ਵਿਖੇ ਡੇਂਗੂ ਲਾਰਵੇ ਦੀ ਜਾਂਚ ਹਿੱਤ ਸਰਵੇ ਕੀਤਾ ਜਾ ਰਿਹਾ ਹੈ, ਲੋਕਾਂ ਨੂੰ ਸਿਹਤ ਸਿੱਖਿਆ ਦਿੱਤੀ ਜਾ ਰਹੀ ਹੈ ਅਤੇ ਜਰੂਰਤ ਮੁਤਾਬਿਕ ਲਾਰਵੀਸਾਇਡ ਅਤੇ ਇੰਨਸੈਕਟੀਸਾਈਡ ਸਪਰੇਅ ਦਾ ਛਿੜਕਾਅ ਵੀ ਕੀਤਾ ਜਾ ਰਿਹਾ ਹੈ।

ਡੇਂਗੂ ਦੇ ਵੱਧ ਰਹੇ ਕੇਸਾਂ ਦੇ ਮੱਦੇਨਜਰ ਬੀਮਾਰੀ ਤੋਂ ਬਚਾਅ ਲਈ ਜਿਆਦਾ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਇਸ ਲਈ ਆਪਣੇ ਆਸ-ਪਾਸ ਕਿਤੇ ਵੀ ਪਾਣੀ ਖੜ੍ਹਾ ਨਾਂ ਹੋਣ ਦਿੱਤਾ ਜਾਵੇ, ਮੱਛਰਦਾਨੀਆਂ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਦਿਨ ਵੇਲੇ ਵੀ ਇਸਤੇਮਾਲ ਕੀਤਾ ਜਾਵੇ, ਕਿਉਂਕਿ ਇਹ ਮੱਛਰ ਦਿਨ ਵੇਲੇ ਕੱਟਦਾ ਹੈ। ਪੂਰੀਆਂ ਬਾਹਾਂ ਦੇ ਕੱਪੜੇ ਪਾਏ ਜਾਣ, ਕੂਲਰਾਂ ਆਦਿ ਦੀ ਹਫਤਾਵਾਰ ਸਾਫ-ਸਫਾਈ ਕੀਤੀ ਜਾਵੇ ਅਤੇ ਟੁੱਟੇ-ਭੱਜੇ ਬਰਤਨਾਂ, ਟਾਇਰਾਂ, ਫਰਿਜਾਂ ਦੀਆਂ ਟਰੇਆਂ ਅਤੇ ਗਮਲਿਆਂ ਆਦਿ ਵਿੱਚ ਪਾਣੀ ਜਮ੍ਹਾਂ ਨਾ ਹੋਣ ਦਿੱਤਾ ਜਾਵੇ।

ਇਸ ਮੋਕੇ ਸਿਹਤ ਵਿਭਾਗ ਦੀਆਂ ਟੀਮਾਂ ਦੇ ਕਰਮਚਾਰੀ ਅਤੇ ਪੁਲਿਸ ਸਟੇਸ਼ਨ ਤੇ ਰੋਡਵੇਜ਼ ਵਰਕਸ਼ਾਪ ਦੇ ਸਟਾਫ ਮੈਂਬਰ ਅਤੇ ਆਮ ਲੋਕ ਹਾਜ਼ਰ ਸਨ।