ਹਲਕਾ ਵਿਧਾਇਕ ਰੂਪਨਗਰ ਤੇ ਸ਼੍ਰੀ ਚਮਕੌਰ ਸਾਹਿਬ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਜਨਮ ਦਿਵਸ ਮੋਕੇ ਕੀਤਾ ਗਿਆ ਖੂਨਦਾਨ

ਰੂਪਨਗਰ,17 ਅਕਤੂਬਰ:
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਜਨਮ ਦਿਵਸ ਮੌਕੇ ਸਿਵਲ ਹਸਪਤਾਲ ਰੂਪਨਗਰ ਵਿਖੇ ਲਗਾਏ ਗਏ ਵਲੰਟਰੀ ਖੂਨਦਾਨ ਕੈਂਪ ਦੇ ਮੌਕੇ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਅਤੇ ਹਲਕਾ ਵਿਧਾਇਕ ਸ਼੍ਰੀ ਚਮਕੌਰ ਸਾਹਿਬ ਡਾ. ਚਰਨਜੀਤ ਸਿੰਘ ਵੱਲੋਂ ਬਲੱਡ ਸੈਂਟਰ ਰੂਪਨਗਰ ਵਿਖੇ ਖੂਨਦਾਨ ਕੀਤਾ ਗਿਆ।
ਵਿਧਾਇਕਾਂ ਨੇ ਕਿਹਾ ਕਿ ਅੱਜ ਦੇ ਦਿਨ ਖੂਨਦਾਨ ਕਰਕੇ ਹਲਕੇ ਦੇ ਲੋਕਾਂ ਨੂੰ ਸੰਦੇਸ਼ ਦਿੱਤਾ ਗਿਆ ਹੈ ਕਿ ਖੂਨਦਾਨ ਕਰਨ ਨਾਲ ਅਸੀਂ ਲੋੜਵੰਦ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਬਚਾਉਣ ਵਿੱਚ ਮਦਦ ਕਰ ਸਕਦੇ ਹਾਂ।ਉਹਨਾਂ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਦਾ ਸੰਦੇਸ਼ ਦਿੰਦਿਆਂ ਖੂਨਦਾਨ ਕਰਨ ਵਾਲੇ ਦਾਨੀਆਂ ਨੂੰ ਸਰਟੀਫਿਕੇਟ ਤਕਸੀਮ ਕਰਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੋਕੇ ਜਿਲ੍ਹੇ ਦੇ ਕਈ ਮੋਹਤਬਰ ਸੱਜਣਾਂ ਵੱਲੋਂ ਖੂਨਦਾਨ ਕੀਤਾ ਗਿਆ।
ਇਸ ਮੋਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਜਨਮ ਦਿਨ ਦੇ ਸਬੰਧ ਵਿੱਚ ਇੱਕ ਨਿਵੇਕਲੀ ਪਹਿਲਕਦਮੀ ਕਰਦੇ ਹੋਏ ਅੱਜ ਜਿਲ੍ਹਾ ਹਸਪਤਾਲ ਰੂਪਨਗਰ, ਸਬ-ਡਵੀਜਨ ਹਸਪਤਾਲ ਸ਼੍ਰੀ ਆਨੰਦਪੁਰ ਸਾਹਿਬ ਅਤੇ ਬੀਬੀਐਮਬੀ ਨੰਗਲ ਵਿਖੇ ਸਵੈ-ਇੱਛੁਕ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਆਮ ਲੋਕਾਂ ਵੱਲੋਂ ਬੜੇ ਉਤਸ਼ਾਹ ਅਤੇ ਜਜ਼ਬੇ ਨਾਲ ਖੂਨਦਾਨ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਕੋਈ ਵੀ ਸਿਹਤਮੰਦ ਵਿਅਕਤੀ ਖੂਨਦਾਨ ਕਰ ਸਕਦਾ ਹੈ। ਖੂਨਦਾਨ ਜੀਵਨਦਾਨ ਹੈ ਅਤੇ ਅੰਕੜਿਆਂ ਮੁਤਾਬਕ ਸਾਡੇ ਦੇਸ਼ ਵਿੱਚ ਹਰ ਸਾਲ ਤਕਰੀਬਨ 5 ਕਰੋੜ ਖੂਨ ਯੂਨਿਟਾਂ ਦੀ ਲੋੜ ਪੈਦੀ ਹੈ, ਜਿਸ ਵਿਚੋਂ ਮੁਸ਼ਕਿਲ ਨਾਲ ਤਕਰੀਬਨ 2.5 ਕਰੋੜ ਯੂਨਿਟਾਂ ਦੀ ਮੰਗ ਪੂਰੀ ਹੁੰਦੀ ਹੈ। ਖੂਨ ਬਣਾਇਆ ਨਹੀ ਜਾ ਸਕਦਾ ਤੇ ਇਹ ਸਿਰਫ ਦਾਨ ਕਰਨ ਨਾਲ ਹੀ ਇੱਕਠਾ ਕੀਤਾ ਜਾ ਸਕਦਾ ਹੈ। ਜਿਸ ਲਈ ਸਾਨੂੰ ਖਾਸ ਕਰਕੇ ਨੌਜਵਾਨ ਵਰਗ ਨੂੰ ਆਪਣੀ ਸਮਾਜਿਕ ਅਤੇ ਨੈਤਿਕ ਜਿੰਮੇਵਾਰੀ ਸਮਝਦਿਆਂ ਨਿਰੰਤਰ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਅਨਮੋਲ ਜਿੰਦਗੀਆਂ ਨੂੰ ਬਚਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕਮਜੋਰੀ ਨਹੀ ਹੁੰਦੀ ਅਤੇ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕੀਤਾ ਜਾ ਸਕਦਾ ਹੈ। ਉਹਨਾਂ ਖੂਨਦਾਨ ਕਰਨ ਵਾਲਿਆਂ ਵਲੰਟਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਹ ਲੋਕ ਹਨ ਜੋ ਲੋਕ ਦੂਜਿਆ ਲੋਕਾਂ ਦੀ ਜਾਨ ਬਚਾਉਣ ਬਾਰੇ ਸੋਚਦੇ ਹਨ। ਇੱਕ ਸਿਹਤਮੰਦ ਵਿਅਕਤੀ ਵਿੱਚ ਤਕਰੀਬਨ 10 ਯੂਨਿਟ ਖੂਨ ਦੇ ਹੁੰਦੇ ਹਨ ਤੇ ਆਮ ਤੌਰ ਤੇ ਸਿਰਫ ਇੱਕ ਯੂਨਿਟ ਖੂਨ ਹੀ ਖੂਨਦਾਨ ਸਮੇਂ ਲਿਆ ਜਾਂਦਾ ਹੈ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਹਰਮਿੰਦਰ ਸਿੰਘ ਢਾਹੇ,ਇੰਮਪਰੂਵਮੈਂਟ ਟਰੱਸਟ ਨੰਗਲ ਦੇ ਚੇਅਰਮੈਨ ਸ਼੍ਰੀ ਰਾਮ ਕੁਮਾਰ ਮੁਕਾਰੀ, ਸ਼ਹਿਰੀ ਪ੍ਰਧਾਨ ਸ਼੍ਰੀ ਸ਼ਿਵ ਕੁਮਾਰ ਲਾਲਪੁਰਾ, ਸ. ਭਾਗ ਸਿੰਘ ਮਦਾਨ, ਸ . ਪਰਸ਼ੋਤਮ ਸਿੰਘ ਮਾਹਲਾਂ, ਐਸਐੇਮਓ ਸਿਵਲ ਹਸਪਤਾਲ ਰੂਪਨਗਰ ਡਾ. ਤਰਸੇਮ ਸਿੰਘ, ਬੀਟੀਓ ਡਾ. ਭਵਲੀਨ ਕੌਰ, ਡਿਪਟੀ ਮਾਸ ਮੀਡੀਆ ਅਫਸਰ ਰਿਤੂ ਅਤੇ ਕਮਲੇਸ਼ ਕੁਮਾਰੀ, ਬੀਸੀਸੀ ਕੋਆਰਡੀਨੇਟਰ ਸੁਖਜੀਤ ਕੰਬੋਜ਼, ਅਮਨ ਕੁਮਾਰ , ਅਜੈ ਕੁਮਾਰ ਵੱਡੀ ਗਿਣਤੀ ਵਿੱਚ ਖੂਨਦਾਨੀ ਅਤੇ ਸ਼ਹਿਰ ਦੇ ਲੋਕ ਹਾਜਰ ਸਨ।