ਹਵਾ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਦੇ ਮੱਦੇਨਜਰ ਸਿਹਤ ਮਹਿਕਮੇ ਵੱਲੋਂ ਸਲਾਹਕਾਰੀ ਜਾਰੀ

—ਜੇ ਨਾ ਰੱਖੀ ਸਾਵਧਾਨੀ ਤਾਂ ਧੂੰਆਂ ਪਵੇਗਾ ਭਾਰੀ
ਫਾਜਿ਼ਲਕਾ, 5  ਨਵੰਬਰ:
ਪਰਾਲੀ ਸਾੜਨ ਦੀ ਵੱਧ ਰਹੀਆਂ ਘਟਨਾਵਾਂ ਕਾਰਨ ਹਵਾ ਪ੍ਰਦੁਸ਼ਨ ਕਾਰਨ ਲੋਕਾਂ ਨੂੰ ਆ ਰਹੀਆਂ ਸਿਹਤ ਸਮੱਸਿਆਵਾਂ ਦੇ ਮੱਦੇਨਜਰ ਸਿਹਤ ਵਿਭਾਗ ਨੇ ਇਕ ਸਲਾਹ ਜਾਰੀ ਕੀਤੀ ਹੈ।

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਇਸ ਸਲਾਹ ਦਾ ਪਾਲਣ ਕਰਨ ਦੇ ਨਾਲ ਨਾਲ ਮੁੜ ਤੋਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਪ ਪਰਾਲੀ ਨੂੰ ਅੱਗ ਨਾ ਲਗਾਉਣ ਕਿਉਂਕਿ ਇਹ ਪ੍ਰਦੁਸ਼ਨ ਉਨ੍ਹਾਂ ਦੀ ਖੁਦ ਦੀ ਸਿਹਤ, ਉਨ੍ਹਾਂ ਦੇ ਬਜੁਰਗਾਂ ਅਤੇ ਬੱਚਿਆਂ ਦੀ ਸਿਹਤ ਤੇ ਵੀ ਮਾਰੂ ਅਸਰ ਪਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਪਰਾਲੀ ਦਾ ਇਹ ਧੂੰਆ ਹੁਣ ਮਨੁੱਖਤਾ ਲਈ ਖਤਰਾ ਬਣ ਗਿਆ ਹੈ ਅਤੇ ਪਰਜਾ ਪਾਲਕ ਕਿਸਾਨਾਂ ਨੂੰ ਪਰਾਲੀ ਸਾੜਕੇ ਇਸ ਮਨੁੱਖਤਾ ਵਿਰੋਧੀ ਕਾਰਜ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਹੈ।

ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਕਵਿਤਾ ਨੇ ਦੱਸਿਆ ਕਿ ਇਸ ਧੂੰਏ ਦਾ ਨੁਕਸਾਨ ਵੈਸੇ ਤਾਂ ਹਰੇਕ ਮਨੁੱਖ ਅਤੇ ਜੀਵ ਜੰਤ ਨੂੰ ਹੈ ਪਰ ਇਹ ਛੋਟੇ ਬੱਚੇ, ਬਜ਼ੁਰਗ, ਸ਼ੂਗਰ, ਦਿਲ ਦੀਆਂ ਬਿਮਾਰੀਆਂ, ਦਮਾ ਜਾਂ ਸਾਹ ਨਾਲੀ ਦੀਆਂ ਪੁਰਾਣੀਆਂ ਰੁਕਾਵਟਾਂ ਵਾਲੀਆਂ ਬਿਮਾਰੀਆਂ ਵਰਗੀਆਂ ਸਥਿਤੀਆਂ ਵਾਲੇ ਲੋਕਾਂ ਲਈ ਘਾਤਕ ਸਾਬਤ ਹੋ ਸਕਦਾ ਹੈ।ਹਵਾ ਪ੍ਰਦੂਸ਼ਣ ਤੁਹਾਡੀ ਉਮਰ ਅਤੇ ਜੀਵਨ ਦੀ ਗੁਣਵੱਤਾ ਨੂੰ ਘਟਾ ਸਕਦਾ ਹੈ।