ਜ਼ਿਲ੍ਹਾ ਤਰਨ ਤਾਰਨ ਦੇ ਅਗਾਂਹਵਧੂ ਕਿਸਾਨ ਸ: ਸਤਨਾਮ ਸਿੰਘ ਪਿੰਡ ਜੱਲੇਵਾਲ ਨੇ ਪਿਛਲੇ 3 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਨਹੀਂ ਲਗਾਈ ਅੱਗ

ਨਵੀਂ ਤਕਨੀਕ ਅਤੇ ਖੇਤੀ ਮਸ਼ੀਨਰੀ ਦੀ ਵਰਤੋਂ ਕਰਦਿਆਂ ਹੈਪੀ ਸੀਡਰ ਨਾਲ 3 ਸਾਲਾਂ ਤੋਂ ਕਰ ਰਹੇ ਹਨ ਕਣਕ ਦੀ ਬਿਜਾਈ
ਤਰਨ ਤਾਰਨ, 21 ਨਵੰਬਰ :
ਵਾਤਾਵਰਣ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਸਮਝਦਿਆਂ ਜ਼ਿਲ੍ਹਾ ਤਰਨ ਤਾਰਨ ਦੇ ਅਗਾਂਹਵਧੂ ਕਿਸਾਨ ਸ: ਸਤਨਾਮ ਸਿੰਘ ਪੁੱਤਰ ਸ: ਬਸੰਤ ਸਿੰਘ ਪਿੰਡ ਜੱਲੇਵਾਲ ਬਲਾਕ ਨੌਸ਼ਹਿਰਾ ਪੰਨੂਆਂ ਵੱਲੋਂ ਪਿਛਲੇ 3 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ।ਉਹਨਾਂ ਨੇ ਨਵੀਂ ਤਕਨੀਕ ਅਤੇ ਖੇਤੀ ਮਸ਼ੀਨਰੀ ਦੀ ਵਰਤੋਂ ਕਰਦਿਆਂ ਹੈਪੀ ਸੀਡਰ ਨਾਲ 3 ਸਾਲਾਂ ਤੋਂ ਕਣਕ ਦੀ ਬਿਜਾਈ ਕਰ ਰਹੇ ਹਨ।
ਅਗਾਂਹਵਧੂ ਕਿਸਾਨ ਸ੍ਰ. ਸਤਨਾਮ ਸਿੰਘ ਅਨੁਸਾਰ ਇਸ ਨਾਲ ਨਾ ਸਿਰਫ਼ ਸਮੇਂ ਦੀ ਬੱਚਤ ਹੁੰਦੀ ਹੈ, ਨਾਲ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵਧਣ ਨਾਲ ਫਸਲ ਦੇ ਝਾੜ ਅਤੇ ਗੁਣਵੱਤਾ ਤੇ ਵੀ ਸਕਰਾਤਮਕ ਵਾਧਾ ਹੁੰਦਾ ਹੈ। ਇਸ ਸਾਲ ਇਹਨਾਂ ਨੇ ਆਪਣੀ 12 ਏਕੜ ਜ਼ਮੀਨ ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ, ਜਿਸ ਵਿੱਚ ਪੀ. ਆਰ. 121 ਤੋਂ 24 ਕੁਇੰਟਲ ਪ੍ਰਤੀ ਏਕੜ ਝਾੜ ਪਾ੍ਰਪਤ ਕੀਤਾ ਗਿਆ ਅਤੇ ਸੁਚੱਜੇ ਪਰਾਲੀ ਪ੍ਰਬੰਧਨ ਲਈ ਕੁੱਲ 20 ਏਕੜ ਰਕਬੇ ਤੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਹੇ ਹਨ।
ਇਸ ਸਾਲ ਆਤਮਾ ਤਹਿਤ ਬਲਾਕ ਖੇਤੀਬਾੜੀ ਅਫਸਰ-ਕਮ-ਬੀ ਟੀ ਟੀ ਇੰਚਾਰਜ ਡਾ. ਜਗਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸ੍ਰ. ਸਤਨਾਮ ਸਿੰਘ ਦੇ ਖੇਤ ਵਿੱਚ ਪੂਸਾ 1718 ਦਾ 2.5 ਏਕੜ ਸਿੱਧੀ ਬਿਜਾਈ ਦਾ ਪ੍ਰਦਰਸ਼ਨੀ ਪਲਾਟ ਲਗਾਇਆ ਗਿਆ, ਜਿਸ ਤੋਂ 18 ਕੁਇੰਟਲ ਪ੍ਰਤੀ ਏਕੜ ਝਾੜ ਪਾ੍ਰਪਤ ਕੀਤਾ ਗਿਆ।