ਢਾਣੀ ਚਿਰਾਗ ਦਾ ਕਿਸਾਨ ਯਾਦਵਿੰਦਰ ਹੋਰਨਾਂ ਕਿਸਾਨਾਂ ਲਈ ਬਾਲ ਰਿਹਾ ਹੈ ਪ੍ਰੇਰਣਾ ਦੇ ਦੀਵੇ

-ਪਰਾਲੀ ਨੂੰ ਬਿਨ੍ਹਾਂ ਸਾੜੇ ਕੀਤੀ ਕਣਕ ਦੀ ਬਿਜਾਈ

-ਕੇਵੀਕੀ ਦੀ ਟੀਮ ਨੇ ਕੀਤਾ ਖੇਤ ਦਾ ਦੌਰਾ

ਫਾਜ਼ਿਲਕਾ 13 ਨਵੰਬਰ 2024 

ਫਾਜ਼ਿਲਕਾ ਜ਼ਿਲ੍ਹੇ ਦੇ ਵਾਤਾਵਰਨ ਦੇ ਰਾਖੇ ਕਿਸਾਨ ਵੱਖ ਵੱਖ ਤਕਨੀਕਾਂ ਅਪਨਾ ਕੇ ਕਣਕ ਦੀ ਬਿਜਾਈ ਕਰ ਰਹੇ ਹਨ ਅਤੇ ਅਜਿਹਾ ਕਰਦੇ ਸਮੇਂ ਉਹ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ ਸਗੋਂ ਪਰਾਲੀ ਨੂੰ ਖੇਤ ਵਿਚ ਹੀ ਮਿਲਾ ਕੇ ਕਣਕ ਦੀ ਬਿਜਾਈ ਕਰ ਰਹੇ ਹਨ। ਅਜਿਹਾ ਹੀ ਇਕ ਕਿਸਾਨ ਹੈ ਪਿੰਡ ਢਾਣੀ ਚਿਰਾਗ ਦਾ ਯਾਦਵਿੰਦਰ ਸਿੰਘ ਜੋ ਹੋਰਨਾਂ ਕਿਸਾਨਾਂ ਲਈ ਵੀ ਪ੍ਰੇਰਣਾ ਦੇ ਦੀਵੇ ਬਾਲ ਰਿਹਾ ਹੈ।
ਯਾਦਵਿੰਦਰ ਸਿੰਘ ਨੇ ਆਪਣੇ ਖੇਤ ਵਿਚ ਮਲਚਿੰਗ ਵਿਧੀ ਨਾਲ ਬਿਨ੍ਹਾਂ ਪਰਾਲੀ ਸਾੜੇ ਖੇਤ ਵਿਚ ਕਣਕ ਦੀ ਬਿਜਾਈ ਕੀਤੀ ਹੈ। ਇਸ ਵਿਧੀ ਸਬੰਧੀ ਜਾਣਕਾਰੀ ਦਿੰਦਿਆਂ ਉਸਨੇ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਉਸਨੇ ਪਹਿਲਾਂ ਰੀਪਰ ਨਾਲ ਲਾਈਨਾਂ ਵਾਲੀ ਪਰਾਲੀ ਖਿਲਾਰ ਦਿੱਤੀ ਅਤੇ ਫਿਰ ਕਣਕ ਅਤੇ ਡੀਏਪੀ ਦਾ ਛਿੱਟਾ ਦੇ ਕੇ ਦੁਬਾਰਾ ਨੀਵਾਂ ਕਰਕੇ ਰੀਪਰ ਨਾਲ ਪਰਾਲੀ ਦਾ ਕੁਤਰਾ ਕਰ ਦਿੱਤਾ। ਇਸ ਤਰਾਂ ਪਰਾਲੀ ਦੀ ਬੀਜ ਅਤੇ ਖਾਦ ਦੇ ਉਪਰ ਪਰਾਲੀ ਇਕ ਤਹਿ ਵਿੱਛ ਗਈ ਅਤੇ ਜਿਸ ਉਪਰੰਤ ਉਸਨੇ ਪਾਣੀ ਲਗਾ ਦਿੱਤਾ।
ਉਹ ਆਖਦਾ ਹੈ ਕਿ ਇਸ ਵਿਧੀ ਵਿਚ ਬਿਜਾਈ ਤੋਂ ਪਹਿਲਾਂ ਜਿਆਦਾ ਨਮੀ ਨਾ ਹੋਵੇ ਅਤੇ ਪਾਣੀ ਬਹੁਤ ਹਲਕਾ ਲਗਾਉਣਾ ਹੈ। ਜਿਸ ਨਾਲ ਬੀਜ ਸਹੀ ਉਗਦਾ ਹੈ। ਇਸੇ ਤਰਾਂ ਉਸਨੇ ਕਿਹਾ ਕਿ ਪਰਾਲੀ ਨਾਲ ਖੇਤ ਢੱਕਿਆ ਹੋਣ ਕਾਰਨ ਅਤੇ ਬਿਜਾਈ ਮੌਕੇ ਜਮੀਨ ਨੂੰ ਨਾ ਵਾਹੇ ਜਾਣ ਕਾਰਨ ਇਸ ਖੇਤ ਵਿਚ ਨਦੀਨ ਵੀ ਘੱਟ ਹੁੰਦੇ ਹਨ। ਇਸ ਕੰਮ ਲਈ ਕੋਈ ਮਹਿੰਗੀ ਮਸ਼ੀਨ ਅਤੇ ਵੱਡੇ ਟਰੈਕਟਰ ਦੀ ਵੀ ਜਰੂਰਤ ਨਹੀਂ ਹੈ। ਰੀਪਰ ਛੋਟਾ ਸੰਦ ਹੈ ਅਤੇ ਆਮ ਪਿੰਡਾਂ ਵਿਚ ਉਪਲਬੱਧ ਹੈ।
ਯਾਦਵਿੰਦਰ ਸਿੰਘ ਦੀ ਹੌਂਸਲਾਂ ਅਫਜਾਈ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ ਦੀ ਟੀਮ ਵਿਸੇਸ਼ ਤੌਰ ਤੇ ਉਸਦੇ ਖੇਤ ਵਿਖੇ ਪਹੁੰਚੀ। ਇਸ ਵਿਚ ਖੇਤੀ ਮਸ਼ੀਨਰੀ ਦੇ ਮਾਹਿਰ ਡਾ: ਕਿਸ਼ਨ ਕੁਮਾਰ ਪਟੇਲ, ਭੂਮੀ ਮਾਹਿਰ ਡਾ: ਪ੍ਰਕਾਸ਼ ਚੰਦ, ਗ੍ਰਹਿ ਵਿਗਿਆਨ ਮਾਹਿਰ ਡਾ: ਰੁਪਿੰਦਰ ਕੌਰ ਸ਼ਾਮਿਲ ਸਨ ਜਿੰਨ੍ਹਾਂ ਨੇ ਯਾਦਵਿੰਦਰ ਸਿੰਘ ਦੀ ਸਲਾਘਾ ਕਰਦਿਆਂ ਹੋਰਨਾਂ ਕਿਸਾਨਾਂ ਨੂੰ ਵੀ ਇਹ ਤਕਨੀਕ ਅਪਨਾਉਣ ਲਈ ਕਿਹਾ। ਮੌਕੇ ਤੇ ਹੀ ਹਾਜਰ ਪਿੰਡ ਦੇ ਸਰਪੰਚ ਸੁਖਚੈਨ ਸਿੰਘ ਸਮੇਤ ਹੋਰ ਕਿਸਾਨਾਂ ਨੇ ਵੀ ਇਸ ਤਕਨੀਕ ਨਾਲ ਕੁਝ ਰਕਬੇ ਵਿਚ ਕਣਕ ਦੀ ਬਿਜਾਈ ਕਰਨ ਦੀ ਹਾਮੀ ਭਰੀ। ਪ੍ਰਗਤੀਸ਼ੀਲ ਕਿਸਾਨ ਕਰਨੈਲ ਸਿੰਘ ਅਲਿਆਣਾ ਨੇ ਵੀ ਇਸ ਮੌਕੇ ਇਸ ਵਿਧੀ ਦੇ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ ਜੋ ਖੁਦ ਇਸ ਵਿਧੀ ਨਾਲ ਕਣਕ ਦੀ ਕੁਝ ਬਿਜਾਈ ਹਰ ਸਾਲ ਕਰਦੇ ਹਨ।