ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਖੇਤ ’ਚ ਹੀ ਸੁਚਾਰੂ ਪ੍ਰਬੰਧਨ ਕਰਕੇ ਖੇਤੀ ਕਰਦਾ ਹੈ ਪਿੰਡ ਪੰਜੌੜਾ ਦਾ ਅਗਾਂਹਵਧੂ ਕਿਸਾਨ ਹਰਜੀਤ ਸਿੰਘ

Hoshiapur Farmer

ਖੇਤੀਬਾੜੀ ਵਿਭਾਗ ਦੀ ਆਧੁਨਿਕ ਤਕਨੀਕ ਅਪਨਾ ਕੇ 21 ਏਕੜ ’ਚ ਕਰਦਾ ਹੈ ਖੇਤੀ
ਹੁਸ਼ਿਆਰਪੁਰ, 22 ਅਕਤੂਬਰ: ਜ਼ਿਲ੍ਹੇ ਦੇ ਬਲਾਕ ਮਾਹਿਲਪੁਰ ਦੇ ਪਿੰਡ ਪੰਜੌੜਾ ਦਾ ਅਗਾਂਹਵਧੂ ਕਿਸਾਨ ਹਰਜੀਤ ਸਿੰਘ 21 ਏਕੜ ਵਿੱਚ ਬਿਨ੍ਹਾਂ ਪਰਾਲੀ ਨੂੰ ਅੱਗ ਲਗਾਏ ਝੋਨੇ ਅਤੇ ਕਣਕ ਦੀ ਖੇਤੀ ਕਰਦਾ ਹੈ। ਰੱਬੀ 2018 ਦੌਰਾਨ ਉਸਨੇ ਸੁਪਰ ਐਸ.ਐਮ.ਐਸ ਕੰਬਾਇਨ ਨਾਲ ਝੋਨੇ ਦੀ ਕਟਾਈ ਤੋਂ ਬਾਅਦ ਹੈਪੀ ਸੀਡਰ ਤਕਨੀਕ ਨਾਲ ਕਣਕ ਦੀ ਸਫਲ ਬਿਜਾਈ ਕੀਤੀ ਸੀ। ਹਰਜੀਤ ਹੈਪੀ ਸੀਡਰ ਵਿਧੀ ਤੋਂ ਸੰਤੁਸ਼ਟ ਹੈ ਕਿਉਂਕਿ ਇਸ ਵਿਧੀ ਨਾਲ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਦੀ ਸਿੱਧੀ ਬਿਜਾਈ ਸੰਭਵ ਹੈ। ਉਸਦਾ ਮੰੰਨਣਾ ਹੈ ਕਿ ਇਸ ਵਿਧੀ ਨਾਲ ਕਣਕ ਦੀ ਬਿਜਾਈ ਸਮੇਂ ’ਤੇ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵੱਧ ਅਤੇ ਭਾਰੀ ਮੀਂਹ ਅਤੇ ਕੱਲਰ ਜ਼ਮੀਨ ਹੋਣ ਕਾਰਨ ਕਣਕ ਦਾ ਝਾੜ ਥੋੜਾ ਘੱਟ ਸੀ ਪਰ ਹੁਣ ਝਾੜ ਵੱਧ ਹੋ ਰਿਹਾ ਹੈ।
ਹਰਜੀਤ ਸਿੰਘ ਨੇ ਦੱਸਿਆ ਕਿ ਰੱਬੀ 2018 ਦੌਰਾਨ ਹੈਪੀ ਸੀਡਰ ਤਕਨੀਕ ਰਾਹੀਂ ਕਣਕ ਦੀ ਸਫਲ ਕਾਸ਼ਤ ਕਰਕੇ ਉਸਨੇ ਦੂਜੇ ਕਿਸਾਨਾਂ ਦੀ ਮਦਦ ਨਾਲ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਫਾਰਮ ਮਸ਼ੀਨਰੀ ਬੈਂਕ ਵੀ ਬਣਾਇਆ ਹੈ। ਰੱਬੀ 2019 ਦੌਰਾਨ ਉਸਨੇ ਝੋਨੇ ਦੀ ਕਟਾਈ ਸੁਪਰ ਐਸ.ਐਮ.ਐਸ ਕੰਬਾਇਨ ਨਾਲ ਕੀਤੀ ਅਤੇ ਹੈਪੀ ਸੀਡਰ ਵਿਧੀ ਨਾਲ ਕਣਕ ਦੀ ਬਿਜਾਈ ਕੀਤੀ। ਉਸਨੇ ਦੱਸਿਆ ਕਿ ਉਹ ਖੇਤ ਨੂੰ ਇਕਸਾਰ ਕਰਨ ਲਈ ਕੰਪਿਊਟਰ ਕਰਾਹੇ ਦਾ ਪ੍ਰਯੋਗ ਕਰਦਾ ਹੈ ਅਤੇ ਆਪਣੇ ਖੇਤੀ ਸਬੰਧੀ ਅਨੁਭਵਾਂ ਨੂੰ ਦੂਜੇ ਕਿਸਾਨਾਂ ਨਾਲ ਵੀ ਸਾਂਝਾ ਕਰਦਾ ਹੈ। ਹਰਜੀਤ ਨੇ ਦੱਸਿਆ ਕਿ ਉਹ ਦੂਜੇ ਕਿਸਾਨਾਂ ਨੂੰ ਵਾਤਾਵਰਣ ਪੱਖੀ ਤਕਨੀਕਾਂ ਅਪਣਾਉਣ ਸਬੰਧੀ ਉਤਸ਼ਾਹਿਤ ਕਰਦਾ ਹੈ ਅਤੇ ਨਵੀਨਤਮ ਖੇਤੀ ਤਕਨੀਕਾਂ ਦੀ ਜਾਣਕਾਰੀ ਲਈ ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰੀ ਮੇਲਿਆਂ ਵਿੱਚ ਵੀ ਸ਼ਿਰਕਤ ਕਰਦਾ ਹੈ।
ਮੁੱਖ ਖੇਤੀਬਾੜੀ ਅਫਸ਼ਰ ਡਾ. ਵਿਨੇ ਕੁਮਾਰ ਨੇ ਦੱਸਿਆ ਕਿ ਕਿਸਾਨਾਂ ਵਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਜ਼ਮੀਨ ਅਤੇ ਮਨੁੱਖੀ ਸਿਹਤ ਦੇ ਨਾਲ-ਨਾਲ ਵਾਤਾਵਰਣ ’ਤੇ ਵੀ ਬੂਰਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਮੁਹਿੰਮ ਰਾਹੀਂ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਅਤੇ ਉਪਲਬੱਧ ਮਸ਼ੀਨਰੀ ਅਤੇ ਤਕਨੀਕ ਰਾਹੀਂ ਇਸਦਾ ਯੋਗ ਪ੍ਰਬੰਧਨ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦਾ ਖੇਤਾਂ ਵਿੱਚ ਹੀ ਪ੍ਰਬੰਧਨ ਕਰਨ ਸਬੰਧੀ ਖੇਤੀ ਮਸ਼ੀਨਰੀ ’ਤੇ ਸਬਸਿਡੀ ਵੀ ਮੁਹੱਈਆ ਕਰਵਾਈ ਹੈ। ਡਾ. ਵਿਨੇ ਕੁਮਾਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਦੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਦੀ ਸੰਭਾਲ ਸਬੰਧੀ  ਤਕਨੀਕਾਂ ਵੀ ਪ੍ਰਦਰਸ਼ਿਤ ਕੀਤੀਆਂ ਹਨ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੁਝ ਅਗਾਂਹਵਧੂ ਕਿਸਾਨਾਂ ਨੇ ਝੋਨੇ ਦੀ ਪਰਾਲੀ ਦਾ ਸੁਚਾਰੂ ਪ੍ਰਬੰਧਨ ਕਰਕੇ ਮਿਲਾਲ ਪੈਦਾ ਕੀਤੀ ਹੈ।