ਅਗਾਂਹਵਧੂ ਕਿਸਾਨ ਕਿਸਾਨ ਬੀਬੀ ਅਮਨਦੀਪ ਕੌਰ ਨੇ ਪਿਛਲੇ 10 ਸਾਲਾਂ ਤੋਂ ਨਹੀਂ ਲਗਾਈ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ

ਸੁਪਰ ਐੱਸ. ਐੱਮ. ਐੱਸ. ਨਾਲ ਝੋਨੇ ਦੀ ਕਟਾਈ ਕਰਵਾ ਕੇ ਸੁਪਰ ਸੀਡਰ ਨਾਲ ਕਰਨਗੇ ਕਣਕ ਦੀ ਬਿਜਾਈ
ਤਰਨ ਤਾਰਨ, 06 ਅਕਤੂਬਰ :
ਅਗਾਂਹਵਧੂ ਕਿਸਾਨ ਅਮਨਦੀਪ ਕੌਰ ਪਤਨੀ ਤਨਜੀਤ ਸਿੰਘ ਪਿੰਡ ਮੁਗਲਾਣੀ ਬਲਾਕ ਖਡੂਰ ਸਾਹਿਬ ਦੇ ਰਹਿਣ ਵਾਲੇ ਹਨ ਅਤੇ ਇਹ ਆਪਣੇ ਹੱਥੀ ਪਿਛਲੇ 20 ਸਾਲਾਂ ਤੋਂ ਆਪਣੇ 10 ਏਕੜ ਰਕਬੇ ਵਿੱਚ ਖੇਤੀ ਕਰ ਰਹੇ ਹਨ।
ਇਹਨਾਂ ਨੇ ਆਪਣੇ 10 ਏਕੜ ਰਕਬੇ ਨੂੰ ਬਹੁਤ ਹੀ ਵਧੀਆ ਢੰਗ ਨਾਲ ਵੱਖ-ਵੱਖ ਫਸਲਾਂ ਜਿਵੇ ਕਿ ਕਣਕ, ਝੋਨਾ, ਮੱਕੀ  ਗੰਨਾ, ਅਜਵਾਇਣ ਹੇਠ ਵੰਡਿਆ ਹੋਇਆ ਹੈ।ਇਸ ਦੇ ਨਾਲ ਹੀ ਕੁਝ ਰਕਬੇ ਵਿੱਚ ਮਟਰ, ਆਲੂ, ਘੀਆ, ਕਰੇਲਾ, ਭਿੰਡੀ ਆਦਿ ਦੀ ਜੈਵਿਕ ਘਰ ਦੀ ਬਗੀਚੀ ਲਗਾਈ ਹੋਈ ਹੈ। ਇਸ ਤੋਂ ਇਲਾਵਾ ਇਹਨਾਂ ਨੇ 10 ਏਕੜ ਰਕਬੇ ਵਿੱਚ ਫਸਲਾਂ ਨੂੰ ਆਤਮਾ ਅਤੇ ਖੇਤੀਬਾੜੀ ਵਿਭਾਗ ਦੇ ਸੁਝਾਵਾਂ ਅਨੁਸਾਰ ਹੀ ਖਾਦਾਂ ਅਤੇ ਸਪਰੇਅ ਦੀ ਵਰਤੋ ਕੀਤੀ ਹੈ, ਜਿਸ ਕਰਕੇ ਫਸਲ ਦੀ ਹਾਲਤ ਬਹੁਤ ਵਧੀਆ ਹੈ।
ਅਮਨਦੀਪ ਕੌਰ ਨੇ ਪਿਛਲੇ 10 ਸਾਲਾਂ ਤੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਹੈ ਅਤੇ ਇਸ ਸਾਲ ਵੀ ਸੁਪਰ ਐੱਸ. ਐੱਮ. ਐੱਸ. ਨਾਲ ਝੋਨੇ ਦੀ ਕਟਾਈ ਕਰਵਾ ਕੇ ਸੁਪਰ ਸੀਡਰ ਨਾਲ ਕਣਕ ਬੀਜਣੀ ਹੈ। ਇਸ ਦੇ ਨਾਲ ਹੀ ਇਹਨਾਂ ਨੇ ਡੇਅਰੀ ਫਾਰਮਿੰਗ ਦਾ ਕਿੱਤਾ ਅਪਣਾਉਂਦੇ ਹੋਏ 25 ਦੁਧਾਰੂ ਪਸ਼ੂ ਰੱਖੇ ਹੋਏ ਹਨ ਅਤੇ ਇਹ ਆਪਣੀ ਅਤੇ ਆਪਣੇ ਆਸ-ਪਾਸ ਦੀ ਦੁੱਧ ਦੀ ਪੂਰਤੀ ਕਰਦੇ ਹਨ ਅਤੇ ਦੁੱਧ 45-50 ਕਿਲੋ ਵੇਚਦੇ ਹਨ।
ਅਸੀ ਇਹ ਕਹਿ ਸਕਦੇ ਹਾਂ ਕਿ ਇਸ ਕਿਸਾਨ ਬੀਬੀ ਵੱਲੋ ਆਪਣੇ 10 ਏਕੜ ਰਕਬੇ ਨੂੰ ਵੱਖ-ਵੱਖ ਫਸਲਾਂ ਹੇਠ ਵੰਡਣਾਂ, ਜ਼ਹਿਰ ਮੁਕਤ ਸਬਜ਼ੀਆਂ ਦੀ ਘਰ ਦੀ ਬਗੀਚੀ ਲਗਾਉਣਾ ਅਤੇ ਡੇਅਰੀ ਫਾਰਮਿੰਗ ਕਰਨਾ ਫਸਲੀ ਵਿਭਿੰਨਤਾਂ ਅਤੇ ਔਰਤਾਂ ਦੀ ਆਤਮ-ਨਿਰਭਰਤਾ ਵੱਲ ਵੱਧਦੇ ਕਦਮ ਹਨ। ਇਹ ਕਿਸਾਨ ਬੀਬੀ ਆਤਮਾ ਅਧੀਨ ਬਲਾਕ ਖਡੂਰ ਸਾਹਿਬ ਵਿਖੇ ਕਿਸਾਨ ਮਿੱਤਰ ਵਜੋ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ।