ਉੱਚੀ ਆਵਾਜ਼ ਵਾਲੇ ਪਟਾਕੇ/ਆਤਿਸ਼ਬਾਜ਼ੀ ਬਣਾਉਣ, ਸਟੋਰ ਕਰਨ, ਖ਼ਰੀਦਣ ਤੇ ਵੇਚਣ ‘ਤੇ ਪਾਬੰਦੀ  

Harish Nair
ਪਰਾਲੀ ਦੀ ਸਾਂਭ ਸੰਭਾਲ ਅਤੇ ਕਣਕ ਦੀ ਸਿੱਧੀ ਬਿਜਾਈ ਲਈ ਸਬਸਿਡੀ ਤੇ ਮਸ਼ੀਨਾਂ ਖਰੀਦਣ ਲਈ ਮਿਆਦ ਵਿੱਚ ਵਾਧਾ, ਡਿਪਟੀ ਕਮਿਸ਼ਨਰ

ਉੱਚੀ ਆਵਾਜ਼ ਵਾਲੇ ਪਟਾਕੇ/ਆਤਿਸ਼ਬਾਜ਼ੀ ਬਣਾਉਣ, ਸਟੋਰ ਕਰਨ, ਖ਼ਰੀਦਣ ਤੇ ਵੇਚਣ ‘ਤੇ ਪਾਬੰਦੀ  

–ਤਿਉਹਾਰਾਂ ਮੌਕੇ ਸਿਰਫ਼ ਗਰੀਨ ਪਟਾਕੇ ਚਲਾਉਣ ਦੀ ਅਪੀਲ

ਬਰਨਾਲਾ, 21 ਅਕਤੂਬਰ:

ਜ਼ਿਲ੍ਹਾ ਮੈਜਿਸਟ੍ਰੇਟ ਡਾ. ਹਰੀਸ਼ ਨਈਅਰ ਵੱਲੋਂ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦੇ ਐਕਟ ਨੰਬਰ 2) ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਬਰਨਾਲਾ ਦੇ ਬਾਜ਼ਾਰਾਂ ਵਿਚ ਕਿਸੇ ਕਿਸਮ ਦੀ ਉੱਚੀ ਆਵਾਜ਼ ਵਾਲੇ ਪਟਾਕੇ, ਆਤਿਸ਼ਬਾਜ਼ੀ ਆਦਿ ਨੂੰ (ਅਣ ਅਧਿਕਾਰਿਤ ਤੌਰ ‘ਤੇ) ਬਣਾਉਣ, ਸਟੋਰ ਕਰਨ, ਖ਼ਰੀਦਣ ਤੇ ਵੇਚਣ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਦੀਵਾਲੀ ਤੇ ਹੋਰ ਤਿਉਹਾਰਾਂ ਮੌਕੇ ਸਿਰਫ ‘ਗਰੀਨ ਪਟਾਕੇ’ ਚਲਾਉਣ ਦੀ ਹੀ ਇਜਾਜ਼ਤ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਛੋਟੇ ਪਟਾਖਿਆਂ ਦੀ ਖਰੀਦ/ਵੇਚ ਲਈ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ ਤੇ ਇਨਾਂ ਥਾਵਾਂ ’ਤੇ ਹੀ ਪਟਾਖਿਆਂ ਦੀ ਖਰੀਦ/ਵੇਚ ਕੀਤੀ ਜਾਵੇ। ਬਰਨਾਲਾ ਸ਼ਹਿਰ ‘ਚ 25 ਏਕੜ ਅਤੇ ਕਾਲਾ ਮਹਿਰ ਸਟੇਡੀਅਮ ਵਿਖੇ, ਧਨੌਲਾ ‘ਚ ਪੱਕਾ ਬਾਗ ਸਟੇਡੀਅਮ ਧਨੌਲਾ ਵਿਖੇ, ਹੰਡਿਆਇਆ ‘ਚ ਗੁਰੂ ਤੇਗ ਬਹਾਦਰ ਸਟੇਡੀਅਮ ਹੰਡਿਆਇਆ ਵਿਖੇ, ਮਹਿਲ ਕਲਾਂ ‘ਚ ਬਰਨਾਲਾ-ਮਹਿਲ ਕਲਾਂ ਮੇਨ ਰੋਡ ‘ਤੇ ਸਥਿਤ ਗੋਲਡਨ ਸਿਟੀ ਕਾਲੌਨੀ ਮਹਿਲ ਕਲਾਂ ਵਿਖੇ, ਤਪਾ ‘ਚ ਘੁੰਨਸ ਰੋਡ ਉਪਰ ਬਣੇ ਸਟੇਡੀਅਮ (ਕੱਸੀ ਵਾਲਾ ਗਰਾਊਂਡ) ਵਾਲੀ ਜਗ੍ਹਾ ਵਿਖੇ, ਭਦੌੜ ‘ਚ ਪਬਲਿਕ ਸਪੋਰਟਸ ਸਟੇਡੀਅਮ, ਪੱਤੀ ਮੋਹਰ ਸਿੰਘ, ਭਦੌੜ ਵਿਖੇ ਅਤੇ ਸਹਿਣਾ ‘ਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, (ਖੇਡ ਮੈਦਾਨ ਵਾਲੀ ਜਗ੍ਹਾ), ਸਹਿਣਾ ਵਿਖੇ ਪਟਾਖਿਆਂ ਦੀ ਵੇਚ/ਖ੍ਰੀਦ ਕੀਤੀ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਦੀਵਾਲੀ, ਗੁਰਪੁਰਬ ਤੇ ਹੋਰ ਤਿਉਹਾਰਾਂ ਵਾਲੇ ਦਿਨ ਰਾਤ 8 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ,  ਗੁਰਪੁਰਬ ਮੌਕੇ ਸਵੇਰੇ 4 ਤੋਂ ਸਵੇਰੇ 5 ਵਜੇ ਅਤੇ ਰਾਤ ਨੂੰ 9 ਤੋਂ 10 ਵਜੇ ਅਤੇ ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਰਾਤ 11:55 ਤੋਂ ਲੈ ਕੇ ਰਾਤ 12: 30 ਤੱਕ ਹੀ ਪਟਾਕੇ ਚਲਾਏ ਜਾ ਸਕਣਗੇ।