ਐਸ ਡੀ ਐਮ ਵੱਲੋਂ ਲੋਕ ਸਭਾ/ਵਿਧਾਨ ਸਭਾ ਚੋਣ ਦੌਰਾਨ ਸਭ ਤੋਂ ਘੱਟ ਮਤਦਾਨ ਦਿਖਾਉਣ ਵਾਲੇ 40 ਚੋਣ ਬੂਥਾਂ ਤੇ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਮਤਦਾਨ ਵਧਾਉਣ ਤੇ ਜ਼ੋਰ

— ਸੁਪਰਵਾਈਜ਼ਰ, ਬੀ ਐਲ ਓਜ਼ ਨਾਲ ਮੀਟਿੰਗ

— ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਅਤੇ ਦੂਰ ਦੁਰਾਡੇ ਦੀਆਂ ਕਲੋਨੀਆਂ ਦੇ ਵੋਟਰਾਂ ਵੱਲ ਖਾਸ ਧਿਆਨ ਦੇਣ ਦੀ ਜ਼ਰੂਰਤ ਤੇ ਜ਼ੋਰ

ਡੇਰਾਬੱਸੀ, 27 ਅਕਤੂਬਰ:

ਐਸ ਡੀ ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਸੁਪਰਵਾਈਜ਼ਰਜ਼, ਬੀ ਐਲ ਓਜ਼ ਨਾਲ ਮੀਟਿੰਗ ਕਰਕੇ ਅੱਜ ਤੋਂ ਸ਼ੁਰੂ ਹੋਈ ਵਿਸ਼ੇਸ਼ ਸਰਸਰੀ ਸੁਧਾਈ -2023 ਮੁਹਿੰਮ ਤਹਿਤ ਯੋਗਤਾ ਮਿਤੀ 01.01.2024 ਨੂੰ ਆਧਾਰ ਮੰਨ ਕੇ ਯੋਗ ਨਾਗਰਿਕਾਂ ਦੀਆਂ ਵੋਟਾਂ ਬਣਾਉਣ ਦੇ ਨਾਲ-ਨਾਲ ਡੇਰਾਬੱਸੀ ਹਲਕੇ ਦੇ ਉਨ੍ਹਾਂ 40 ਚੋਣ ਬੂਥਾਂ ਜਿੱਥੇ ਸਭ ਤੋਂ ਘੱਟ ਮਤਦਾਨ ਪ੍ਰਤੀਸ਼ਤਤਾ ਦਰਜ ਕੀਤੀ ਗਈ, ਤੇ ਵੀ ਵਿਸ਼ੇਸ਼ ਜ਼ੋਰ ਦੇਣ ਲਈ ਆਖਿਆ।

ਉਨ੍ਹਾਂ ਕਿਹਾ ਕਿ 4 ਅਤੇ 5 ਨਵੰਬਰ ਨੂੰ ਆਪੋ ਆਪਣੇ ਚੋਣ ਬੂਥਾਂ ਤੇ ਬੈਠ ਕੇ ਮਤਦਾਤਾ ਫ਼ਾਰਮ ਪ੍ਰਾਪਤ ਕਰਨ ਦੇ ਨਾਲ ਨਾਲ ਉਨ੍ਹਾਂ 40 ਚੋਣ ਬੂਥਾਂ ਜਿੱਥੇ ਪਿਛਲੀਆਂ ਲੋਕ ਸਭਾ/ਵਿਧਾਨ ਸਭਾ ਚੋਣਾਂ ਦੌਰਾਨ ਘੱਟ ਮਤਦਾਨ ਦਰਜ ਕੀਤਾ ਗਿਆ, ਉੱਥੇ ਵੱਖ ਵੱਖ ਢੰਗਾਂ ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਆਖਿਆ।

ਉਨ੍ਹਾਂ ਨੇ ਮੀਟਿੰਗ ਚ ਸ਼ਾਮਿਲ ਇਨ੍ਹਾਂ 40 ਚੋਣ ਬੂਥਾਂ ਦੇ ਬੀ ਐਲ ਓਜ਼ ਅਤੇ ਉਨ੍ਹਾਂ ਦੇ ਸੁਪਰਵਾਈਜ਼ਰਜ਼ ਨੂੰ ਇਨ੍ਹਾਂ ਬੂਥਾਂ ਚ ਪੈਂਦੀਆਂ ਰੈਜ਼ੀਡੇਂਟ ਵੈਲਫ਼ੇਅਰ ਐਸੋਸੀਏਸ਼ਨਾਂ ਅਤੇ ਦੂਰ ਦੁਰਾਡੇ ਦੀਆਂ ਰਿਹਾਇਸ਼ੀ ਬਸਤੀਆਂ ਦੇ ਨਾਲ ਸੰਪਰਕ ਕਰਨ ਅਤੇ ਮਤਦਾਨ ਪ੍ਰਤੀ ਜਾਗਰੂਕ ਕਰਨ ਲਈ ਆਖਿਆ। ਉਨ੍ਹਾਂ ਨੇ ਇਸ ਗੱਲ ਦਾ ਵੀ ਪਤਾ ਲਾਉਣ ਲਈ ਆਖਿਆ ਕਿ ਇਨ੍ਹਾਂ ਚੋਣ ਬੂਥਾਂ ਦੀ ਮਤਦਾਤਾਵਾਂ ਤੋਂ ਦੂਰੀ ਸਮੇਤ ਹੋਰ ਕਾਰਨ ਵੀ ਲੱਭੇ ਜਾਣ ਤਾਂ ਜੋ ਅਗਲੀ ਵਾਰ ਕੋਈ ਅਜਿਹੀ ਮੁਸ਼ਿਕਲ ਨਾ ਬਣੇ।

ਐਸ ਡੀ ਐਮ ਹਿਮਾਂਸ਼ੂ ਗੁਪਤਾ ਨੇ ਅੱਗੇ ਦੱਸਿਆ ਕਿ ਡੇਰਾਬੱਸੀ ਹਲਕੇ ਚ ਲੋਕ ਸਭਾ ਚੋਣਾਂ ਦੌਰਾਨ ਮਤਦਾਨ ਨੂੰ ਵਧਾਉਣ ਅਤੇ ਉਨ੍ਹਾਂ 40 ਬੂਥਾਂ ਨੂੰ ਅਭ ਤੋਂ ਵਧੇਰੇ ਮਤਦਾਨ ਵਾਲੇ ਹਲਕੇ ਬਣਾਉਣ ਲਈ ਸੋਸ਼ਲ ਮੀਡੀਆ ਮਾਧਿਅਮ ਰਾਹੀਂ ਮਤਦਾਤਾਵਾਂ ਤੱਕ ਪਹੁੰਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਲੋਕਾਂ ਨੂੰ ਚੋਣ ਕਮਿਸ਼ਨ ਦੇ ਹੈਲਪ ਲਾਈਨ ਨੰਬਰ 1950 ਬਾਰੇ ਅਤੇ ਮੋਬਾਈਲ ਫੋਨ ਤੇ ਵੋਟਰ ਹੈਲਪ ਲਾਈਨ ਡਾਊਨਲੋਡ ਕਰਕੇ ਆਪਣੀਆਂ ਵੋਟਾਂ ਨਾਲ ਸਬੰਧਤ ਮੁਸ਼ਕਿਲਾਂ ਦੇ ਹੱਲ ਬਾਰੇ ਜਾਗਰੂਕ ਕੀਤਾ ਜਾਵੇਗਾ।