ਐਸ ਡੀ ਐਮ ਹਿਮਾਂਸ਼ੂ ਗੁਪਤਾ ਖੁਦ ਤਸਿੰਬਲੀ ਵਿਖੇ ਮਸ਼ੀਨ ਰਾਹੀਂ ਪਰਾਲੀ ਸੰਭਾਲ ਰਹੇ ਕਿਸਾਨ ਨੂੰ ਉਤਸ਼ਾਹਿਤ ਕਰਨ ਪੁੱਜੇ

–ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਡੇਵੀ ਗੋਇਲ ਨੇ ਪਰਾਲੀ ਨੂੰ ਬਿਨਾਂ ਅੱਗ ਲਾਏ ਸੰਭਾਲਣ ਵਾਲੇ ਕਿਸਾਨਾਂ ਨੂੰ ਡੇਰਾਬੱਸੀ ’ਚ ਕੀਤਾ ਸਨਮਾਨਿਤ
ਡੇਰਾਬੱਸੀ, 6 ਅਕਤੂਬਰ, 2023:

ਜ਼ਿਲ੍ਹੇ ’ਚ ਪਰਾਲੀ ਨੂੰ ਬਿਨਾਂ ਅੱਗ ਲਾਇਆਂ ਪਰਾਲੀ ਪ੍ਰਬੰਧਨ ਮਸ਼ੀਨਾਂ ਰਾਹੀਂ ਸੰਭਾਲੇ ਜਾਣ ਨੂੰ ਪਿੰਡ ਪੱਧਰ ’ਤੇ ਉਤਸ਼ਾਹਿਤ ਕਰਨ ਲਈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਪਹਿਲਕਦਮੀ ’ਤੇ ਆਰੰਭੇ ਯਤਨਾ ਤਹਿਤ ਵਾਤਾਵਰਣ ਚਿੰਤਕ ਉਦਮੀ ਕਿਸਾਨਾਂ ਸਨਮਾਨਿਤ ਕਰਨ ਅਤੇ ਉਤਸ਼ਾਹ ਦੇਣ ਅੱਜ ਡੇਰਬੱਸੀ ਦੇ ਐਸ ਡੀ ਐਮ ਹਿਮਾਂਸ਼ੂ ਗੁਪਤਾ ਪਿੰਡ ਤਸਿੰਬਲੀ ਪੁੱਜੇ।

ਉਨ੍ਹਾਂ ਇਸ ਮੌਕੇ ਕਿਸਾਨ ਸਰਦਾਰਾ ਸਿੰਘ ਜੋ ਕਿ ਇਸ ਸਾਲਂ ਪਰਾਲੀ ਨੂੰ ਬਿਨਾਂ ਅੱਗ ਲਾਇਆਂ ਪਰਾਲੀ ਪ੍ਰਬੰਧਨ ਮਸ਼ੀਨਰੀ ਰਾਹੀਂ ਸੰਭਾਲ ਰਹੇ ਹਨ, ਨਾਲ ਗੱਲਬਾਤ ਕੀਤੀ ਅਤੇ ਇਸ ਇਲਾਕੇ ’ਚ ਮਿਸਾਲ ਬਣਨ ਲਈ ਉਨ੍ਹਾਂ ਦੀ ਪਹਿਲਕਦਮੀ ਨੂੰ ਸਰਾਹਿਆ। ਐਸ ਡੀ ਐਮ ਹਿਮਾਂਸ਼ੂ ਗੁਪਤਾ ਦੇ ਨਾਲ ਇਸ ਮੌਕੇ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਡੇਵੀ ਗੋਇਲ ਵੀ ਮੌਜੂਦ ਸਨ।

ਐਸ ਡੀ ਐਮ ਗੁਪਤਾ ਨੇ ਦੱਸਿਆ ਕਿ ਬਲਾਕ ਡੇਰਾਬੱਸੀ ਵਿੱਖੇ ਝੋਨੇ ਦੀ ਕਟਾਈ ਪੂਰੇ ਜ਼ੋਰਾਂ ਤੇ ਹੈ ਅਤੇ ਅਗੇਤੇ ਆਲੂ ਲਗਾਉਣ ਵਾਲੇ ਕਿਸਾਨ ਇਸ ਵਾਰ ਝੋਨੇ ਬਾਅਦ ਆਲੂ ਦੀ ਫ਼ਸਲ ਬੀਜਣ ਲਈ ਝੋਨੇ ਦੀ ਪਰਾਲੀ ਦੀਆਂ ਬੇਲਰ ਰਾਹੀਂ ਗੰਢਾਂ ਬਣਵਾਉਣ ਨੂੰ ਤਰਜੀਹ ਦੇ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਸ ਵਾਰ ਤਹਿਸੀਲ ਡੇਰਾਬੱਸੀ ਵਿੱਚ ਪਿਛਲੀ ਵਾਰ ਨਾਲੋਂ ਜ਼ਿਆਦਾ ਪਰਾਲੀ ਦੀ ਗੰਢਾਂ ਬਣਾਉਣ ਵਾਲੀਆ ਮਸ਼ੀਨਾਂ ਮੌਜੂਦ ਹਨ, ਇਸ ਲਈ ਆਲੂ ਲਗਾਉਣ ਵਾਲੇ ਕਿਸਾਨ ਹੁਣ ਅੱਗ ਨਾ ਲਗਾ ਕੇ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਨਾਲ ਵਾਤਾਵਰਣ ਤਾਂ ਬਚਾਅ ਹੀ ਰਹੇ ਹਨ, ਨਾਲ ਹੀ ਉਹ ਅਪਣੀ ਜ਼ਮੀਨ ਦੀ ਉਪਜਾੳੂ ਸ਼ਕਤੀ ਵੀ ਵਧਾਅ ਰਹੇ ਹਨ।
ਇਸ ਮੌਕੇ ਪਰਾਲੀ ਨੂੰ ਬਿਨਾਂ ਅੱਗ ਲਾਇਆਂ ਸੰਭਾਲਣ ਵਾਲੇ ਕਿਸਾਨਾਂ ਨੂੰ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਡੇਵੀ ਗੋਇਲ ਅਤੇ ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ ਨੇ ਸਮਨਾਨਿਤ ਵੀ ਕੀਤਾ। ਇਨ੍ਹਾਂ ਕਿਸਾਨਾਂ ਵਿੱਚ ਅਮਰ ਸਿੰਘ ਰਾਣਾ, ਪਵਨ ਸ਼ਰਮਾ, ਲਾਭ ਸਿੰਘ, ਨਸੀਬ ਸਿੰਘ, ਦਲਬੀਰ ਸਿੰਘ, ਦੀਦਾਰ ਸਿੰਘ, ਗੁਰਜਿੰਦਰ ਸਿੰਘ, ਜੁਝਾਰ ਸਿੰਘ, ਸਿੰਘ ਰਾਮ, ਤੇਜਪਾਲ ਸਿੰਘ ਤੇ ਪਰਮਜੀਤ ਸਿੰਘ ਮੌਜੂਦ ਸਨ।