ਐੱਨ. ਟੀ. ਐੱਸ. ਈ. ਦੀ ਪ੍ਰੀਖਿਆ ‘ਚ 1090 ਸਕੂਲੀ ਵਿਦਿਆਰਥੀਆਂ ਨੇ ਲਿਆ ਉਤਸ਼ਾਹ ਨਾਲ ਹਿੱਸਾ

ਐੱਨ. ਐੱਮ. ਐੱਮ. ਐੱਸ. ਦੀ ਪ੍ਰੀਖਿਆ ‘ਚ 1102 ਵਿਦਿਆਰਥੀਆਂ ਨੇ ਪੇਸ਼ ਕੀਤੀ ਵਜੀਫੇ ਲਈ ਦਾਅਵੇਦਾਰੀ
ਤਰਨਤਾਰਨ, 21 ਦਸੰਬਰ: 
ਰਾਜ ਸਿੱਖਿਆ ਖੋਜ਼ ਤੇ ਸਿਖਲਾਈ ਪ੍ਰੀਸ਼ਦ (ਐਸ.ਸੀ.ਈ.ਆਰ.ਟੀ.) ਪੰਜਾਬ ਵੱਲੋਂ ਅੱਜ ਰਾਜ ਭਰ ‘ਚ ਕੌਮੀ ਯੋਗਤਾ ਖੋਜ਼ ਪ੍ਰੀਖਿਆ -2020 ਸਟੇਜ਼ ਵਨ (ਨੈਸ਼ਨਲ ਟੇਲੈਂਟ ਸਰਚ ਅਗਜਾਮੀਨੇਸ਼ਨ) ਅਤੇ ਨੈਸ਼ਨਲ ਮੀਨਜ਼ ਕਮ ਮੈਰਿਟ ਵਜ਼ੀਫਾ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ। ਜਿਸ ਤਹਿਤ ਕੌਮੀ ਯੋਗਤਾ ਖੋਜ਼ ਪ੍ਰੀਖਿਆ ‘ਚ ਜਿਲ੍ਹਾ ਤਰਨਤਾਰਨ ‘ਚੋਂ ਸਰਕਾਰੀ, ਨਿੱਜੀ, ਸਰਕਾਰੀ ਸਹਾਇਤਾ ਪ੍ਰਾਪਤ ਤੇ ਸਥਾਨਕ ਸਰਕਾਰਾਂ ਨਾਲ ਸਬੰਧਤ ਸਕੂਲਾਂ ਦੇ 1090 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸੇ ਤਰ੍ਹਾਂ ਨੈਸ਼ਨਲ ਮੀਨਜ਼ ਕਮ ਵਜੀਫਾ ਪ੍ਰੀਖਿਆ ‘ਚ ਜਿਲ੍ਹੇ ਦੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਤੇ ਸਥਾਨ ਸਰਕਾਰਾਂ ਦੇ 1102 ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ।
ਸ੍ਰੀ ਸਤਨਾਮ ਸਿੰਘ ਬਾਠ, ਜਿਲ੍ਹਾ ਸਿੱਖਿਆ ਅਫਸਰ (ਸੈ.) ਤਰਨਤਾਰਨ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਕਰਵਾਈ ਗਈ ਰਾਜ ਪੱਧਰ ‘ਤੇ ਕਰਵਾਈ ਗਈ ਕੌਮੀ ਯੋਗਤਾ ਪ੍ਰੀਖਿਆ-ਸਟੇਜ਼ ਵਨ ‘ਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਅਤੇ ਨੈਸ਼ਨਲ ਮੀਨਜ਼ ਕਮ ਮੈਰਿਟ ਵਜ਼ੀਫਾ ਪ੍ਰੀਖਿਆ ‘ਚ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਦੱਸਣਯੋਗ ਹੈ ਕਿ ਕੌਮੀ ਯੋਗਤਾ ਖੋਜ਼ ਪ੍ਰੀਖਿਆ ਸਟੇਜ਼ ਵਨ ਰਾਹੀਂ ਪੰਜਾਬ ਭਰ ‘ਚੋਂ ਕੁਆਲੀਫਾਈ ਕਰਨ ਵਾਲੇ ਵਿਦਿਆਰਥੀਆਂ ਫਿਰ ਕੌਮੀ ਪੱਧਰ ਦੀ ਪ੍ਰੀਖਿਆ ‘ਚ ਹਿੱਸਾ ਲੈਣਗੇ। ਇਸ ਮੌਕੇ ਹਰਪਾਲ ਸਿੰਘ ਸੰਧਾਵਾਲੀਆ ਡਿਪਟੀ ਡੀ.ਈ.ਓ. (ਸੈ.)ਤਰਨਤਾਰਨ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਨ੍ਹਾਂ ਪ੍ਰੀਖਿਆਵਾਂ ਚ ਸਫਲ ਹੋਣ ਵਾਲੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਉਚੇਰੀ ਵਿੱਦਿਆ ਤੱਕ ਵਿਸ਼ੇ ਵਜ਼ੀਫੇ ਪ੍ਰਦਾਨ ਕੀਤੇ ਜਾਂਦੇ ਹਨ। ਪੰਜਾਬ ਦੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਕਤ ਪ੍ਰੀਖਿਆਵਾਂ ਸਬੰਧੀ ਤਿਆਰੀ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਸੀ। ਜਿਸ ਤਹਿਤ ਸ਼ੈਸ਼ਨ ਦੇ ਆਰੰਭ ਤੋਂ ਹੀ ਵੱਖ-ਵੱਖ ਵਿਸ਼ਿਆਂ ਦੀਆਂ ਸਲਾਈਡਜ਼ ਬਣਾਕੇ ਵਿਦਿਆਰਥੀਆਂ ਨੂੰ ਭੇਜੀਆ ਗਈਆਂ। ਫਿਰ ਕੁਇਜ਼ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਦੇ ਸਿੱਖਣ ਪ੍ਰਣਾਮਾਂ ਨੂੰ ਮਾਪਿਆ ਗਿਆ।
ਇਸ ਸਬੰਧੀ ਵਿਸ਼ੇਸ਼ ਤੌਰ ‘ਤੇ ਮਾਪੇ-ਅਧਿਆਪਕ ਮਿਲਣੀਆਂ ਕਰਵਾਕੇ, ਮਾਪਿਆਂ ਤੋਂ ਵੀ ਬੱਚਿਆਂ ਦੀ ਤਿਆਰੀ ਦਾ ਜਾਇਜਾ ਲਿਆ ਗਿਆ ਅਤੇ ਮਾਪਿਆਂ ਤੋਂ ਸੁਝਾਅ ਲਏ ਗਏ। ਇਸ ਤੋਂ ਇਲਾਵਾ ਵਿਭਾਗ ਦੇ ਅਧਿਕਾਰੀਆਂ, ਸਕੂਲ ਮੁਖੀਆਂ ਤੇ ਅਧਿਆਪਕਾਂ ‘ਤੇ ਅਧਾਰਤ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜਿੰਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਲਈ ਮਿਆਰੀ ਸਮੱਗਰੀ ਮੁਹੱਈਆ ਕਰਵਾਈ ਗਈ ਸੀ ਅਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਉਕਤ ਪ੍ਰੀਖਿਆਵਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ ਸੀ। ਵਿਦਿਆਰਥੀਆਂ ਦੇ ਬਡੀ ਗਰੁੱਪ ਬਣਾਏ ਗਏ ਸਨ ਅਤੇ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਮਾਹਿਰਾਂ ਰਾਹੀਂ ਵਿਦਿਆਰਥੀਆਂ ਨੂੰ ਉਕਤ ਪ੍ਰੀਖਿਆ ਲਈ ਆਨਲਾਈਨ ਵਿਸ਼ੇਸ਼ ਸਿਖਲਾਈ ਦਿੱਤੀ ਗਈ ਸੀ। ਜਿਸ ਤੋਂ ਵਧੀਆ ਨਤੀਜੇ ਆਉਣ ਦੀ ਉਮੀਦ ਬੱਝਦੀ ਹੈ।
ਇਸ ਮੌਕੇ ਸਤਨਾਮ ਸਿੰਘ ਬਾਠ, ਜਿਲ੍ਹਾ ਸਿੱਖਿਆ ਅਫਸਰ(ਸ) ਤਰਨਤਾਰਨ ਅਤੇ ਹਰਪਾਲ ਸਿੰਘ ਸੰਧਾਵਾਲੀਆ ਉਪ ਜਿਲਾ ਸਿੱਖਿਆ ਅਫਸਰ ਤਰਨਤਾਰਨ ਨੇ ਜਿਲ੍ਹੇ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ ਅਤੇ ਸਮੁੱਚੇ ਪ੍ਰਬੰਧਾਂ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।