ਕਿਸਾਨ ਵੀਰ ਕਣਕ ਦੀ ਫਸਲ ‘ਤੇ ਕੀੜੇ-ਮਕੌੜਿਆਂ ਅਤੇ ਬੀਮਾਰੀਆਂ ਦੇ ਹਮਲੇ ਤੋਂ ਬਚਣ

ਲਈ ਲਗਾਤਾਰ ਖੇਤਾਂ ਦਾ ਸਰਵੇਖਣ ਕਰਦੇ ਰਹਿਣ-ਮੁੱਖ ਖੇਤੀਬਾੜੀ ਅਫਸਰ
ਤਰਨ ਤਾਰਨ, 14 ਜਨਵਰੀ :
ਹਾੜੀ ਸੀਜ਼ਨ ਦੀਆਂ ਵੱਖ-ਵੱਖ ਫਸਲਾਂ ਮੁੱਖ ਤੌਰ ਤੇ ਕਣਕ ਦੀ ਫਸਲ ਉੱਪਰ ਕੀੜੇ ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਬਾਰੇ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ: ਕੁਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਜਿਲ੍ਹੇ ਦੇ ਸਾਰੇ 8 ਬਲਾਕਾਂ ਦੇ ਸਰਵੇਖਣ ਉਪਰੰਤ  ਕਿਸੇ ਵੀ ਬਲਾਕ ਵਿਚ ਕੀੜੇ ਮਕੌੜੇ ਦਾ ਹਮਲਾ ਵੇਖਣ ਵਿਚ ਨਹੀਂ ਆਇਆ ਹੈ । ਸਿਰਫ ਬਲਾਕ ਵਲਟੋਹਾ 10 ਏਕੜ ਕਣਕ ਦੀ ਫਸਲ ਉੰਪਰ ਸਿਉਂਕ ਦਾ ਹਮਲਾ ਵੇਖਣ ਵਿਚ ਆਇਆ ਹੈ, ਜਿਸ ਵਿਚ ਲੋੜ ਅਨੁਸਾਰ ਕਲੋਰਪਾਇਰੀਫਾਸ 20% ਈ.ਸੀ ਦਵਾਈ ਪਵਾ ਦਿੱਤੀ ਗਈ ਹੈ ਅਤੇ ਹਮਲੇ ਦੀ ਰੋਕਥਾਮ ਹੋ ਗਈ ਹੈ।
ਇਸ ਤੋਂ ਇਲਾਵਾ ਸਾਰੇ ਬਲਾਕਾਂ ਦੀਆਂ ਸਰਵੇਖਣ ਟੀਮਾਂ ਦੀ ਰਿਪੋਰਟ ਅਨੁਸਾਰ ਕਿਸੇ ਵੀ ਬਲਾਕ ਵਿਚ ਕਣਕ ਉੱਪਰ ਪੀਲੀ ਕੁੰਗੀ ਦਾ ਹਮਲਾ ਨਹੀਂ ਹੋਇਆ ਹੈ। ਉਹਨਾਂ ਦੱਸਿਆ ਕਿ ਇਸ ਬਿਮਾਰੀ ਦਾ ਹਮਲਾ ਹੋਣ ਤੇ ਸੁਰੂ ਵਿਚ ਪੱਤਿਆ ਉੱਪਰ ਪੀਲੇ ਧੱਬੇ ਜਾਂ ਲੰਬੀਆਂ ਧਾਰੀਆਂ ਪੈ ਜਾਂਦੀਆਂ ਹਨ ਜੋ ਬਾਅਦ ਵਿਚ ਸੰਤਰੀ ਰੰਗ ਦੇ ਧੁੂੜੇ ਵਿਚ ਬਦਲ ਜਾਂਦੇ ਹਨ।
ਜਿਮੀਦਾਰਾਂ ਨੂੰ ਕਣਕ ਦੀ ਫਸਲ ਉੱਪਰ ਸਿਫਾਰਸ ਕੀਤੀ ਮਾਤਰਾ ਵਿਚ ਹੀ ਖਾਦਾਂ ਪਾਉਣੀਆਂ ਚਾਹੀਦੀਆਂ ਹਨ, ਪਾਣੀ ਸਹੀ ਸਮੇਂ ਅਤੇ ਸਹੀ ਮਾਤਰਾ ਵਿਚ ਲਗਾਉਣਾ ਚਾਹੀਦਾ ਹੈ। ਕਈ ਵਾਰ ਖੁਰਾਕੀ ਤੱਤਾ ਦੀ ਘਾਟ ਕਾਰਣ ਵੀ ਕਣਕ ਦੇ ਪੱਤੇ ਪੀਲੇ ਪੈ ਜਾਂਦੇ ਹਨ। ਇਸ ਲਈ ਮਾਹਿਰਾਂ ਨੂੰ ਨਿਰੰਤਰ ਕਿਸਾਨਾਂ ਦੀ ਫਸਲ ਦਾ ਦੌਰਾ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਇਸ ਬਿਮਾਰੀ ਦਾ ਸਮੇਂ ਸਿਰ ਪਤਾ ਲਗਾਇਆ ਜਾ ਸਕੇ। ਜੇਕਰ ਕਣਕ ਦੀ ਫਸਲ ਉੱਪਰ ਪੀਲੀ ਕੁੰਗੀ ਦਾ ਹਮਲਾ ਨਜਰ ਆਊਂਦਾ ਹੈ ਤਾਂ 200 ਮਿਲੀ ਲਿਟਰ ਪ੍ਰੋਪੀਕੋਨਾਜੋਲ 25% ਈ.ਸੀ ਦਵਾਈ 200 ਲੀਟਰ ਪਾਣੀ ਵਿਚ ਘੋਲ ਕੇ ਸਪਰੇਅ ਕੀਤਾ ਜਾਣਾ ਚਾਹੀਦਾ ਹੈ। ਲੋੜ ਪੈਣ ਤੇ 15 ਦਿਨਾਂ ਬਾਅਦ ਦੂਜਾ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਬੂਟਿਆਂ ਦੇ ਉਪਰਲੇ ਪੱਤੇ ਬਿਮਾਰੀ ਤੋਂ ਬਚੇ ਰਹਿਣ।