ਹਿਮਾਚਲ ਪ੍ਰਦੇਸ਼ ਨਿਸ਼ਕਾਮ ਸੇਵਕ ਸਭਾ ਅਤੇ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਨੂੰ ਦਿੱਤਾ 1-1 ਲੱਖ ਰੁਪਏ ਦਾ ਚੈਕ
ਅੰਮ੍ਰਿਤਸਰ 29 ਮਈ 2021
ਕੋਵਿਡ 19 ਦੇ ਕੇਸਾਂ ਵਿੱਚ ਕਮੀ ਆਉਣ ਕਰਕੇ ਸਰਕਾਰ ਵਲੋਂ ਲਗਾਏ ਮਿੰਨੀ ਲਾਕਡਾਉਨ ਵਿੱਚ ਲੋਕਾਂ ਨੂੰ ਕੁਝ ਰਾਹਤ ਦਿੱਤੀ ਗਈ ਹੈ ਅਤੇ ਲੋਕਾਂ ਵੀ ਫਰਜ਼ ਬਣਦਾ ਹੈ ਕਿ ਉਹ ਸਰਕਾਰ ਦੁਆਰਾ ਜਾਰੀ ਗਾਈਡਲਾਈਨਾਂ ਦੀ ਪਾਲਣਾ ਕਰਨ ਤਾਂ ਜੋ ਇਸ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਦੱਸਿਆ ਕਿ ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਪੈਂਦੀਆਂ ਸਾਰੀਆਂ ਵਾਰਡਾਂ ਵਿੱਚ ਟੀਕਾਕਰਨ ਕੈਂਪ ਲਗਾਏ ਜਾਣਗੇ।
ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵੈਕਸੀਨ ਜ਼ਰੂਰ ਲਗਾਉਣ ਤਾਂ ਜੋ ਇਸ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕੇ। ਉਨਾਂ ਦੱਸਿਆ ਕਿ 1 ਜੂਨ ਸ਼ੁਰੂ ਹੋਣ ਵਾਲੇ ਟੀਕਾਕਰਨ ਕੈਂਪਾਂ ਵਿੱਚ ਦੁਕਾਨਦਾਰਾਂ ਅਤੇ ਉਨ੍ਹਾਂ ਦੇ ਸਟਾਫ ਮੈਂਬਰਾਂ ਦੇ ਨਾਲ-ਨਾਲ ਉਦਯੋਗਿਕ ਕਿਰਤੀਆਂ, ਹੋਟਲਾਂ, ਰੈਸਟੋਰੈਂਟਾਂ, ਮੈਰਿਜ ਪੈਲੇਸਾਂ ਵਿੱਚ ਕੰਮ ਕਰਨ ਵਾਲਾ ਸਟਾਫ਼ ਅਤੇ ਕੇਟਰਰਜ਼, ਕੁੱਕ, ਬੈਰ੍ਹੇ ਆਦਿ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਰੇਹੜੀਵਾਲੇ, ਹੋਰ ਸਟਰੀਟ ਵੈਂਡਰਜ਼ ਜੋ ਵਿਸ਼ੇਸ਼ ਤੌਰ ’ਤੇ ਜੂਸ, ਚਾਟ, ਫਲ ਆਦਿ ਖੁਰਾਕੀ ਵਸਤਾਂ ਵੇਚਦੇ ਹਨ, ਡਲਿਵਰੀ ਏਜੰਟ, ਐਲ.ਪੀ.ਜੀ. ਸਿਲੰਡਰ ਵੰਡਣ ਵਾਲੇ ਵਿਅਕਤੀ ਵੀ ਇਸ ਟੀਕਾਕਰਨ ਅਧੀਨ ਯੋਗ ਹੋਣਗੇ। ਇਸ ਦੇ ਨਾਲ ਹੀ ਬੱਸ ਡਰਾਈਵਰ, ਕੰਡਕਟਰ, ਆਟੋ/ਕੈਬ ਡਰਾਈਵਰ, ਮੇਅਰ, ਕੌਂਸਲਰ, ਸਰਪੰਚ ਅਤੇ ਪੰਚਾਂ ਨੂੰ ਵੀ 18-45 ਸਾਲ ਦੀ ਉਮਰ ਵਰਗ ਦੇ ਟੀਕਾਕਰਨ ਦੇ ਪੜਾਅ ਵਿੱਚ ਕਵਰ ਕੀਤਾ ਜਾਵੇਗਾ।
ਇਸ ਮੌਕੇ ਸ੍ਰੀ ਸੋਨੀ ਵਲੋਂ ਆਪਣੇ ਨਿਵਾਸ ਸਥਾਨ ਵਿਖੇ ਵਾਰਡ ਨੰ: 70 ਦੇ ਅਧੀਨ ਇਲਾਕੇ ਫਤਿਹ ਸਿੰਘ ਕਲੋਨੀ ਵਿਚ ਸਥਿਤ ਹਿਮਾਚਲ ਪ੍ਰਦੇਸ਼ ਨਿਸ਼ਕਾਮ ਸੇਵਕ ਸਭਾ ਨੂੰ 1 ਲੱਖ ਰੁਪਏ ਦਾ ਚੈਕ ਭੇਟ ਕੀਤਾ। ਉਨਾਂ ਦਸਿਆ ਕਿ ਇਸ ਕਮੇਟੀ ਨੂੰ ਪਹਿਲਾਂ ਵੀ 4 ਲੱਖ ਰੁਪਏ ਦਾ ਚੈਕ ਭੇਟ ਕੀਤਾ ਗਿਆ ਸੀ। ਸ੍ਰੀ ਸੋਨੀ ਨੇ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਨੂੰ ਵੀ 1 ਲੱਖ ਰੁਪਏ ਦਾ ਚੈਕ ਭੇਟ ਕੀਤਾ। ਇਸ ਮੌਕੇ ਸ੍ਰੀ ਵਿਕਾਸ ਸੋਨੀ ਕੌਂਸਲਰ, ਸ੍ਰੀ ਪ੍ਰਵੇਸ਼ ਗੁਲਾਟੀ, ਤਿਲਕ ਰਾਜ ਸ਼ਰਮਾ, ਜੈ ਪਾਲ ਸ਼ਰਮਾ, ਸ਼ਮਸ਼ੇਰ ਸਿੰਘ ਠਾਕੁਰ ਹਾਜਰ ਸਨ।
ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਹਿਮਾਚਲ ਪ੍ਰਦੇਸ਼ ਨਿਸ਼ਕਾਮ ਸੇਵਕ ਸਭਾ ਅਤੇ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਨੂੰ ਦਿੱਤਾ 1-1 ਲੱਖ ਰੁਪਏ ਦਾ ਚੈਕ ਦਿੰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਸ੍ਰੀ ਵਿਕਾਸ ਸੋਨੀ ਕੌਂਸਲਰ

English






