ਪਟਿਆਲਾ, 25 ਸਤੰਬਰ:
ਕੋਰੋਨਾ ਪਾਜ਼ੀਟਿਵ ਮਰੀਜ਼ਾਂ ਲਈ ਮੈਰੀਟੋਰੀਅਸ ਸਕੂਲ ਪਟਿਆਲਾ ਵਿਖੇ ਬਣਾਏ ਗਏ ਕੋਵਿਡ ਕੇਅਰ ਸੈਂਟਰ ‘ਚੋਂ ਹੁਣ ਤੱਕ 757 ਮਰੀਜ਼ ਸਿਹਤਯਾਬ ਹੋਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ।
ਕੋਵਿਡ ਕੇਅਰ ਇੰਚਾਰਜ ਡਾ. ਪ੍ਰੀਤੀ ਯਾਦਵ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਰੀਟੋਰੀਅਸ ਸਕੂਲ ਵਿਖੇ ਬਣਾਏ ਗਏ ਕੋਵਿਡ ਕੇਅਰ ਸੈਂਟਰ (ਲੈਵਲ-1) ‘ਚ ਹੁਣ ਤੱਕ 850 ਮਰੀਜ਼ ਦਾਖਲ ਹੋਏ ਹਨ, ਜਿਨ੍ਹਾਂ ਵਿੱਚੋਂ 757 ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ।
ਨੋਡਲ ਅਫ਼ਸਰ ਡਾ. ਸ਼ੈਲੀ ਜੇਤਲੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਆਮ ਲੱਛਣਾਂ ਵਾਲੇ ਮਰੀਜ਼ਾਂ ਦੀ ਮੁਢਲੀ ਸੰਭਾਲ ਲਈ ਬਣਾਏ ਗਏ ਇਸ ਕੋਵਿਡ ਕੇਅਰ ਸੈਂਟਰ ‘ਚ ਦਾਖਲ ਮਰੀਜ਼ਾਂ ਦੀ ਸਿਹਤ ਸੰਭਾਲ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਇਲਾਜ ਦੇ ਨਾਲ-ਨਾਲ ਵੱਖ-ਵੱਖ ਗਤੀਵਿਧੀਆਂ ਕਰਵਾਕੇ ਚੁਸਤ ਦਰੁਸਤ ਰੱਖਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ‘ਚ ਸਕਾਰਾਤਮਕ ਊਰਜਾ ਬਣਾਈ ਰੱਖਣ ਲਈ ਉਨ੍ਹਾਂ ਦੀ ਸਮੇਂ-ਸਮੇਂ ‘ਤੇ ਕਾਊਂਸਲਿੰਗ ਵੀ ਕੀਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਅੰਦਰ ਬਿਮਾਰੀ ਦੇ ਸਮੇਂ ਵਿੱਚ ਆਤਮ ਵਿਸ਼ਵਾਸ ਬਣਾਇਆ ਜਾ ਸਕੇ।
ਅੱਜ ਸਿਹਤਯਾਬ ਹੋਕੇ ਆਪਣੇ ਘਰਾਂ ਨੂੰ ਜਾਣ ਮੌਕੇ ਪਵਨ ਸਿੰਘ, ਮਮਤਾ, ਮੀਨ ਬਹਾਦਰ, ਸੋਨਾਲੀ ਅਤੇ ਰਵਿੰਦਰ ਕੁਮਾਰ ਨੇ ਕਿਹਾ ਕਿ ਕੋਵਿਡ ਕੇਅਰ ਸੈਂਟਰ ‘ਚ ਤਾਇਨਾਤ ਸਟਾਫ਼ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ ਅਤੇ ਸਮੇਂ-ਸਮੇਂ ‘ਤੇ ਕਾਊਂਸਲਿੰਗ ਕਰਕੇ ਬਿਮਾਰੀ ਤੋਂ ਉਭਰ ‘ਚ ਮਦਦ ਕੀਤੀ ਗਈ।

English






