-ਮਰੀਜਾਂ ਦੀ ਹੌਂਸਲਾ ਅਫ਼ਜਾਈ ਲਈ ਜੇਤੂਆਂ ਨੂੰ ਇਨਾਮ ਵੀ ਤਕਸੀਮ
-ਦਾਖਲ ਛੋਟੇ ਬੱਚਿਆਂ ਨੂੰ ਖੁਸ਼ ਰੱਖਣ ਲਈ ਸਟਾਫ਼ ਨੇ ਕੀਤਾ ਡਾਂਸ
ਪਟਿਆਲਾ, 26 ਸਤੰਬਰ :
ਕੋਵਿਡ ਕੇਅਰ ਸੈਂਟਰ, ਸਰਕਾਰੀ ਮੈਰੀਟੋਰੀਅਸ ਸਕੂਲ ਪਟਿਆਲਾ ਵਿਖੇ ਦਾਖਲ ਕੋਵਿਡ-19 ਦੀ ਲਾਗ ਤੋਂ ਪ੍ਰਭਾਵਤ ਵਿਅਕਤੀਆਂ ਨੂੰ ਰੁਝੇ ਰੱਖਣ ਅਤੇ ਉਨ੍ਹਾਂ ਦਾ ਧਿਆਨ ਹਾਂ-ਪੱਖੀ ਗਤੀਵਿਧੀਆਂ ‘ਚ ਲਗਾਈ ਰੱਖਣ ਲਈ ਰੋਜ਼ਾਨਾ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਨਿਰੰਤਰ ਕਰਵਾਈਆਂ ਜਾ ਰਹੀਆਂ ਹਨ। ਇਸੇ ਤਹਿਤ ਅੱਜ ਮਰੀਜਾਂ ਦੇ ਚਿੱਤਰਕਾਰੀ ਮੁਕਾਬਲੇ ਕਰਵਾਏ ਗਏ, ਜਿਸ ‘ਚ ਦਾਖਲ ਮਰੀਜ਼ਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਕੋਵਿਡ ਕੇਅਰ ਸੈਂਟਰ ਦੇ ਇੰਚਾਰਜ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮੈਰੀਟੋਰੀਅਸ ਸਕੂਲ ਦਾ ਇਹ ਕੋਵਿਡ ਕੇਅਰ ਸੈਂਟਰ, ਕੋਵਿਡ ਦੀ ਲਾਗ ਤੋਂ ਪ੍ਰਭਾਵਤ ਮਰੀਜਾਂ ਨੂੰ ਸਿਹਤਯਾਬ ਕਰਨ ‘ਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਥੇ ਮਰੀਜਾਂ ਨੂੰ ਬਿਹਤਰ ਖਾਣਾ ਤੇ ਸਿਹਤ ਸੰਭਾਲ ਸਮੇਤ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ।
ਕੋਵਿਡ ਕੇਅਰ ਸੈਂਟਰ ਦੇ ਨੋਡਲ ਅਫ਼ਸਰ ਡਾ. ਸ਼ੈਲੀ ਜੇਤਲੀ ਨੇ ਦੱਸਿਆ ਕਿ ਚਿੱਤਰਕਾਰੀ ਮੁਕਾਬਲਿਆਂ ‘ਚ ਮਰੀਜ਼ਾਂ ਵੱਲੋਂ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਇਸ ਦੌਰਾਨ ਡਾ. ਯਾਦਵਿੰਦਰ ਸਿੰਘ, ਡਾ. ਤਹਿਰੀਕ ਤੇ ਡਾ. ਪ੍ਰਿਅੰਕਾ ਨੇ ਇਸ ‘ਚ ਜੱਜਾਂ ਦੀ ਭੂਮਿਕਾ ਨਿਭਾਈ। ਮੁਕਾਬਲੇ ਦੇ ਜੇਤੂਆਂ ਦੀ ਹੌਂਸਲਾ ਅਫ਼ਜਾਈ ਲਈ ਇਨਾਮ ਵੀ ਤਕਸੀਮ ਕੀਤੇ ਗਏ।
ਡਾ. ਜੇਤਲੀ ਨੇ ਦੱਸਿਆ ਕਿ ਚਿੱਤਰਕਾਰੀ ਮੁਕਾਬਲੇ ‘ਚ ਪਹਿਲਾ ਇਨਾਮ ਹਿਮਾਸ਼ੂ, ਦੂਜਾ ਮਾਹੀ ਤੇ ਤੀਜਾ ਇਨਾਮ ਅਨਮੋਲ ਦੇ ਹਿੱਸੇ ਆਇਆ। ਉਨ੍ਹਾਂ ਦੱਸਿਆ ਕਿ ਕੋਵਿਡ ਕੇਅਰ ਸੈਂਟਰ ‘ਚ ਦਾਖਲ ਛੋਟੇ ਬੱਚਿਆਂ ਨੂੰ ਖੁਸ਼ ਰੱਖਣ ਲਈ ਸਟਾਫ਼ ਵੱਲੋਂ ਅੱਜ ਡਾਂਸ ਕਰਕੇ ਕੋਵਿਡ ਕੇਅਰ ਸੈਂਟਰ ਦੇ ਮਾਹੌਲ ਨੂੰ ਖੁਸ਼ਨੁਮਾ ਬਣਾਇਆ ਗਿਆ ਜਿਸ ਦਾ ਦਾਖਲ ਬੱਚਿਆਂ ਵੱਲੋਂ ਖੂਬ ਅਨੰਦ ਮਾਣਿਆ ਗਿਆ।

English






