ਦਫਤਰ ਜ਼ਿਲਾ ਲੋਕ ਸੰਪਰਕ ਅਫਸਰ ਬਰਨਾਲਾ
ਕੌਮਾਂਤਰੀ ਨਰਸ ਦਿਵਸ ਮੌਕੇ ਸਿਵਲ ਹਸਪਤਾਲ ਵਿਖੇ ਨਰਸਾਂ ਦਾ ਸਨਮਾਨ
ਬਰਨਾਲਾ, 12 ਮਈ , 2021 ਕਰੋਨਾ ਮਹਾਮਾਰੀ ਦੀ ਔਖੀ ਘੜੀ ਦੌਰਾਨ ਸਿਹਤ ਵਿਭਾਗ ਦਾ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦਿਨ-ਰਾਤ ਸੇਵਾਵਾਂ ਨਿਭਾਅ ਰਿਹਾ ਹੈ। ਇਸ ਨਾਜ਼ੁਕ ਸਮੇਂ ਦੌਰਾਨ ਖਾਸ ਕਰ ਕੇ ਨਰਸਾਂ ਆਪਣੀਆਂ ਹੋਰ ਜ਼ਿੰਮੇਵਾਰੀਆਂ ਨੂੰ ਲਾਂਭੇ ਕਰਕੇ ਮਰੀਜ਼ਾਂ ਦੀ ਸੇਵਾ ਵਿਚ ਜੁਟੀਆਂ ਹੋਈਆਂ ਹਨ, ਜੋ ਕਿ ਬੇਹੱਦ ਸ਼ਲਾਘਾਯੋਗ ਹੈ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਅੱਜ ਕੌਮਾਂਤਰੀ ਨਰਸ ਦਿਵਸ ਮੌਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਨਰਸਾਂ ਨਾਲ ਰੂ-ਬ-ਰੂ ਹੁੰਦਿਆਂ ਕੀਤਾ। ਇਸ ਮੌਕੇ ਉਨਾਂ ਆਖਿਆ ਕਿ ਸਿਹਤ ਸੇਵਾਵਾਂ ਨੂੰ ਸਫਲ ਬਣਾਉਣ ਅਤੇ ਮਰੀਜ਼ਾਂ ਦੇ ਬਿਹਤਰ ਇਲਾਜ ਵਿਚ ਸਭ ਤੋਂ ਵੱਡੀ ਭੂਮਿਕਾ ਨਰਸਾਂ ਦੀ ਹੈ, ਜਿਸ ਬਦੌਲਤ ਬਰਨਾਲਾ ਜ਼ਿਲਾ ਸੂਬੇ ਦੇ ਸਭ ਤੋਂ ਘੱਟ ਕੇਸਾਂ ਵਾਲੇ ਜ਼ਿਲਿਆਂ ਵਿਚ ਸ਼ੁਮਾਰ ਹੈ। ਇਸ ਮੌਕੇ ਉਨਾਂ ਨਰਸਾਂ ਨਾਲ ਗੱਲਬਾਤ ਕਰਦਿਆਂ ਉਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਉਨਾਂ ਕਿਹਾ ਕਿ ਡਿਊਟੀ ਦੌਰਾਨ ਜੇਕਰ ਕੋਈ ਵੀ ਮੁਸ਼ਕਲ ਪੇਸ਼ ਆ ਰਹੀ ਹੈ ਤਾਂ ਇਸ ਸਬੰਧੀ ਉਨਾਂ ਨਾਲ ਸੰਪਰਕ ਕੀਤਾ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਨਰਸਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਨੇ ਆਖਿਆ ਕਿ ਇਹ ਨਰਸਾਂ ਸਿਹਤ ਕੇਂਦਰਾਂ ਤੋਂ ਇਲਾਵਾ ਲੈਵਲ 2 ਫੈਸਿਲਟੀ ਵਿਖੇ ਵੀ ਲਗਾਤਾਰ ਸੇਵਾਵਾਂ ਨਿਭਾਅ ਰਹੀਆਂ ਹਨ। ਉਨਾਂ ਕਿਹਾ ਕਿ ਨਰਸਿੰਗ ਸਟਾਫ ਕਰੋਨਾ ਯੋਧੇ ਵਜੋਂ ਵਿਚਰ ਰਿਹਾ ਹੈ। ਇਸ ਮੌਕੇ ਐਸਐਮਓ ਇੰਚਾਰਜ ਡਾ. ਅਵਿਨਾਸ਼, ਡਾ. ਕੰਵਲਜੀਤ ਬਾਜਵਾ, ਜ਼ਿਲਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ, ਗੁਰਦੀਪ ਸਿੰਘ ਤੇ ਨਰਸਾਂ ਅਮਰਜੀਤ ਕੌਰ, ਬਲਜੀਤ ਕੌਰ, ਕਮਲੇਸ਼ ਰਾਣੀ, ਏਅੇੈਨਐਮ ਮਨਜੀਤ ਕੌਰ, ਦਿਲਪ੍ਰੀਤ ਸਟਾਫ ਨਰਸ ਆਦਿ ਹਾਜ਼ਰ ਸਨ। 

English





