ਜ਼ਿਲ੍ਹਾ ਤਰਨ ਤਾਰਨ ਵਿੱਚ ਇਸ ਸ਼ੀਜ਼ਨ ਦੌਰਾਨ 9.30 ਲੱਖ ਮੀਟਰਿਕ ਟਨ ਕਣਕ ਦੀ ਪੈਦਾਵਾਰ ਹੋਣ ਦੀ ਸੰਭਾਵਨਾ
ਤਰਨ ਤਾਰਨ, 07 ਅਪ੍ਰੈਲ 2021
ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ. ਕੁਲਜੀਤ ਸਿੰਘ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਲ ਕਣਕ ਦੀ ਖਰੀਦ 10 ਅਪ੍ਰੈਲ, 2021 ਤੋਂ ਸ਼ੁਰੂ ਹੋਣ ਜਾ ਰਹੀ ਹੈ । ਜ਼ਿਲ੍ਹਾ ਤਰਨਤਾਰਨ ਵਿੱਚ ਇਸ ਸਾਲ ਕਣਕ ਦੀ ਬਿਜਾਈ 1,85,000 ਹੈਕਟੇਅਰ ਰਕਬੇ ਵਿੱਚ ਹੋਈ ਹੈ ਕਣਕ ਦੀ ਫਸਲ ਵਾਢੀ ਲਈ ਤਿਆਰ ਹੈ ਅਤੇ ਕਣਕ ਦਾ ਝਾੜ ਵਧੀਆ ਆਉਣ ਦੀ ਸੰਭਾਵਨਾ ਹੈ।
ਉਹਨਾਂ ਦੱਸਿਆ ਕਿ ਜ਼ਿਲੇ ਵਿੱਚ ਲੱਗਭੱਗ 9.30 ਲੱਖ ਮੈਟ੍ਰਿਕ ਟਨ ਕਣਕ ਦੀ ਪੈਦਾਵਾਰ ਦੀ ਹੋਣ ਦੀ ਸੰਭਾਵਨਾ ਹੈ, ਜਿਸ ਵਿੱਚੋਂ ਮੰਡੀਆਂ ਵਿੱਚ ਲੱਗਭੱਗ 6.80 ਲੱਖ ਮੈਟ੍ਰਿਕ ਟਨ ਕਣਕ ਆਉਣ ਦੀ ਉਮੀਦ ਹੈ।ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਮੰਡੀਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ।
ਉਹਨਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਮੰਡੀ ਵਿੱਚ ਕਣਕ ਲਿਆਉਣ ਸਮੇਂ ਸਿਹਤ ਵਿਭਾਗ ਦੀਆਂ ਹਦਾਇਤਾਂ ਜਿਵੇਂ ਕਿ ਮਾਸਕ ਲਗਾ ਕੇ ਰੱਖਣਾ, ਹੱਥਾਂ ਨੂੰ ਧੋਣਾ, ਸਮਾਜਿਕ ਦੂਰੀ ਰੱਖਣਾ ਆਦਿ ਨਿਯਮਾਂ ਦੀ ਪਾਲਣਾ ਕੀਤੀ ਜਾਵੇ ।
ਉਹਨਾਂ ਨੇ ਕਿਸਾਨਾਂ ਨੂੰ ਕਣਕ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਵਿਸ਼ੇਸ਼ ਸਾਵਧਾਨੀਆਂ ਜਿਵੇਂ ਹਾਰਵੈੇਸਟ ਕੰਬਾਈਨ ਦਿਨ ਵੇਲੇ ਚਲਾਈ ਜਾਵੇ, ਕੰਬਾਈਨ ਦੇ ਪੁਰਜ਼ਿਆਂ ਤੋਂ ਨਿਕਲਣ ਵਾਲੇ ਚੰਗਿਆੜਿਆਂ ਤੇ ਧਿਆਨ ਰੱਖਿਆ ਜਾਵੇ, ਟਰਾਂਸਫਾਰਮਰ ਦੇ ਆਲੇਦੁਆਲੇ ਇੱਕ ਮਰਲਾ ਕਣਕ ਪਹਿਲਾਂ ਹੀ ਵੱਢ ਲਈ ਜਾਵੇ, ਕਿਸੇ ਮਜ਼ਦੂਰ ਨੂੰ ਬੀੜੀ/ਸਿਗਰੇਟ ਪੀਣ ਨਾ ਦਿੱਤੀ ਜਾਵੇ, ਟਰਾਂਸਫਾਰਮਰ ਦੇ ਆਲੇਦੁਆਲੇ 10 ਮੀਟਰ ਘੇਰੇ ਨੂੰ ਗਿੱਲਾ ਰੱਖਿਆ ਜਾਵੇ ਅਤੇ ਵਾਢੀ ਦੌਰਾਨ ਹਾਰਵੈੇਸਟ ਕੰਬਾਈਨ ਕੋਲ ਅਤੇ ਖੇਤਾਂ ਵਿੱਚ ਪਾਣੀ ਦਾ ਪ੍ਰਬੰਧ ਕਰ ਲਿਆ ਜਾਵੇ ।

English






