ਕੰਟੇਨਮੈਂਟ ਇਲਾਕਿਆਂ ’ਚ ਹਰ ਵਿਅਕਤੀ ਦੀ ਹੋਵੇਗੀ ਕਰੋਨਾ ਟੈਸਟਿੰਗ: ਤੇਜ ਪ੍ਰਤਾਪ ਸਿੰਘ ਫੂਲਕਾ

Barnala DC

ਆਮ ਜਨਤਾ ਨੂੰ ਪੂਰਨ ਸਹਿਯੋਗ ਦੇਣ ਦੀ ਅਪੀਲ
ਡਿਪਟੀ ਕਮਿਸ਼ਨਰ ਬਰਨਾਲਾ ਫੇਸਬੁੱਕ ਲਾਈਵ ਰਾਹੀਂ ਹੋਏ ਆਮ ਜਨਤਾ ਦੇ ਰੂ-ਬ-ਰੂ
ਐਤਵਾਰ ਨੂੰ ਸਿਰਫ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲੀਆਂ  ਰਹਿਣਗੀਆਂ,  ਕੋਈ ਵੀ ਕਰਿਆਨਾ ਸਟੋਰ ਜਾਂ ਮਾਲ ਖੋਲਣ ’ਤੇ ਮਨਾਹੀ
ਬਰਨਾਲਾ, 12 ਅਗਸਤ
ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜ਼ਿਲਾ ਪ੍ਰਸ਼ਾਸਨ ਬਰਨਾਲਾ ਵਲੋਂ ਐਲਾਨੇ ਗਏ ਕੰਟੇਨਮੈਂਟ ਇਲਾਕਿਆਂ ਵਿਚ ਕੋਰੋਨਾ ਸਬੰਧੀ ਜਾਂਚ ਹਰ ਇਕ ਵਿਅਕਤੀ ਦੀ ਕੀਤੀ ਜਾ ਰਹੀ ਹੈ ਤਾਂ ਜੋ ਇਸ ਬਿਮਾਰੀ ਦਾ ਸਮੇਂ ਸਿਰ ਪਤਾ ਲਗਾਇਆ ਜਾ ਸਕੇ ਅਤੇ ਪੀੜਤ ਨੂੰ ਇਸ ਸਬੰਧੀ ਸਿਹਤ ਸੇਵਾ ਮੁਹੱਈਆ ਕਾਰਵਾਈ ਜਾ ਸਕੇ। ਸਿਹਤ ਵਿਭਾਗ ਵਲੋਂ ਕੋਰੋਨਾ ਸਬੰਧੀ ਟੈਸਟ ਬਿਲਕੁਲ ਮੁਫ਼ਤ ਕੀਤੇ ਜਾ ਰਹੇ ਹਨ ਅਤੇ ਟੈਸਟ ਕਰਵਾਉਣ ’ਚ ਕਿਸੇ ਤਰਾਂ ਦੀ ਕੋਈ ਤਕਲੀਫ ਨਹੀਂ ਹੁੰਦੀ।
ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਅੱਜ ਜ਼ਿਲਾ ਲੋਕ ਸੰਪਰਕ ਦਫਤਰ ਦੇ ਫੇਸਬੁੱਕ ਪੇਜ ਤੋਂ ਲਾਈਵ ਪ੍ਰੋਗਰਾਮ ਰਾਹੀਂ ਆਮ ਜਨਤਾ ਦੇ ਰੂ ਬ ਰੂ ਹੁੰਦੇ ਹੋਏ ਕੀਤਾ। ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਆਦਿਤਿਆ ਡੇਚਲਵਾਲ ਵੀ ਮੌਜੂਦ ਸਨ।
ਸ੍ਰੀ ਫੂਲਕਾ ਨੇ ਬਰਨਾਲਾ ਜ਼ਿਲੇ ਦੇ ਕੋਰੋਨਾ ਸਬੰਧੀ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਕੱਲ (11 ਅਗਸਤ) ਦੀ ਰਿਪੋਰਟ ਅਨੁਸਾਰ ਹੁਣ ਤੱਕ 475 ਲੋਕ ਕੋਰੋਨਾ ਤੋਂ ਸੰਕ੍ਰਮਿਤ ਹੋ ਚੁੱਕੇ ਹਨ ਅਤੇ 334 ਐਕਟਿਵ ਕੇਸ ਹਨ। ਪਿਛਲੇ 15 ਦਿਨਾਂ ਜ਼ਿਲਾ ਬਰਨਾਲਾ ’ਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ, ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਜ਼ਰੂਰੀ ਹੈ ਕਿ ਲੋਕ ਕੋਰੋਨਾ ਸਬੰਧੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ।
ਉਨਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਖਿਲਾਫ ਇਸ ਜੰਗ ਵਿਚ ਸਰਕਾਰ ਦਾ ਸਾਥ ਦੇਣ ਅਤੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਬਚਾਅ ਕੇ ਰੱਖਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਖੰਘ ਜਾਂ ਬੁਖਾਰ ਜਾਂ ਹੋਰ ਕੋਰੋਨਾ ਸਬੰਧੀ ਲੱਛਣ ਮਹਿਸੂਸ ਹੁੰਦੇ ਹਨ ਤਾਂ ਉਹ ਜਲਦ ਤੋਂ ਜਲਦ ਆਪਣਾ ਕੋਰੋਨਾ ਟੈਸਟ ਕਰਵਾਏ। ਜੇਕਰ ਟੈਸਟ ਪਾਜ਼ਿਟਿਵ ਆਉਂਦਾ ਹੈ ਤਾਂ ਸਬੰਧਤ ਵਿਅਕਤੀ ਆਪਣਾ ਖਾਸ ਖਿਆਲ ਰੱਖੇ, ਹੋਰ ਲੋਕਾਂ ਨੂੰ ਨਾ ਮਿਲੇ ਅਤੇ ਜੇਕਰ ਸਿਹਤ ਵਿਭਾਗ ਵੱਲੋਂ ਘਰ ’ਚ ਹੀ ਇਕਾਂਤਵਾਸ ਰਹਿਣ ਲਈ ਹਦਾਇਤ ਕੀਤੀ ਗਈ ਹੈ ਤਾਂ ਉਸ ਦੀ ਇੰਨ ਬਿੰਨ ਪਾਲਣਾ ਕਰੇ।
ਉਨਾਂ ਕਿਹਾ ਕਿ ਜ਼ਰੂਰੀ ਨਹੀਂ ਸਿਰਫ ਕੋਰੋਨਾ ਦੇ ਲੱਛਣ ਵਾਲੇ ਵਿਅਕਤੀ ਦਾ ਹੀ ਕਰੋਨਾ ਟੈਸਟ ਪਾਜ਼ਿਟਿਵ ਆ ਸਕਦਾ ਹੈ। ਕਈ ਕੇਸਾਂ ਵਿਚ ਵੇਖਿਆ ਗਿਆ ਹੈ ਕਿ ਮਰੀਜ਼ਾਂ ’ਚ ਕੋਈ ਵੀ ਲੱਛਣ ਨਹੀਂ ਹੁੰਦੇ ਅਤੇ ਉਹ ਪਾਜ਼ੇਟਿਵ ਪਾਏ ਜਾਂਦੇ ਹਨ। ਇਸ ਕਰਕੇ ਕਿਸੇ ਵੀ ਪਾਜ਼ਿਟਿਵ ਮਰੀਜ਼ ਦੇ ਸੰਪਰਕ ’ਚ ਆਉਣ ’ਤੇ ਕੋਰੋਨਾ ਟੈਸਟ ਕਰਵਾਉਣਾ ਯਕੀਨੀ ਬਣਾਇਆ ਜਾਵੇ।
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਆਦਿਤਿਆ ਡੇਚਲਵਾਲ ਨੇ ਆਮ ਜਨਤਾ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਰਿਸ਼ਵ ਗਰੋਵਰ ਦੇ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਕਿਹਾ ਕਿ ਪੁਲਿਸ ਦੀ ਪੀਸੀਆਰ ਟੀਮ ਵੱਲੋਂ ਸਾਇਰਨ ਇਸ ਕਾਰਨ ਵਜਾਇਆ ਜਾਂਦਾ ਹੈ ਕਿ ਆਮ ਜਨਤਾ ਨੂੰ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਲਈ ਜਾਗਰੂਕ ਕੀਤਾ ਜਾ ਸਕੇ। ਇਸੇ ਤਰਾਂ ਰਵੀ ਸੇਨ ਦੇ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਕਿਹਾ ਕਿ ਐਤਵਾਰ ਨੂੰ ਫਾਸਟ ਫੂਡ ਦੁਕਾਨਾਂ ਖੋਲਣ ਦੀ ਆਗਿਆ ਨਹੀਂ ਹੈ। ਐਤਵਾਰ ਨੂੰ ਕੇਵਲ ਜ਼ਰੂਰੀ ਵਸਤਾਂ ਦੀ ਦੁਕਾਨਾਂ ਖੋਲੀਆਂ ਜਾ ਸਕਦੀਆਂ ਹਨ, ਜਿਨਾਂ ਵਿਚ ਮੈਡੀਕਲ ਸਟੋਰ, ਮੈਡੀਕਲ ਲੈਬ, ਹਸਪਤਾਲ, ਦੁੱਧ ਅਤੇ ਦੁੱਧ ਦੇ ਉਤਪਾਦ ਦੀਆਂ ਦੁਕਾਨਾਂ, ਫ਼ਲ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਸ਼ਾਮਲ ਹਨ। ਕਿਸੇ ਵੀ ਕਰਿਆਨੇ ਦੀ ਦੁਕਾਨ ਜਾਂ ਸ਼ਾਪਿੰਗ ਮਾਲ ਨੂੰ ਜਾਂ ਕਿਸੇ ਵੀ ਹੋਰ ਕਿਸਮ ਦੇ ਅਦਾਰੇ ਨੂੰ ਐਤਵਾਰ ਵਾਲੇ ਦਿਨ ਖੋਲਣ ਦੀ ਇਜਾਜ਼ਤ ਨਹੀਂ ਹੈ।