ਖੇਤਾਂ ਅੰਦਰ ਫਸਲਾਂ ਦੀ ਰਹਿੰਦ ਖੁੰਹਦ ਅਤੇ ਪਰਾਲੀ ਨੂੰ ਅੱਗ ਨਾ ਲਗਾਉਂਣ ਦੀ ਮੂਹਿੰਮ ਨੂੰ ਕੀਤਾ ਜਾਵੇਗਾ ਤੇਜ-ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ

ਖੇਤਾਂ ਅੰਦਰ ਫਸਲਾਂ ਦੀ ਰਹਿੰਦ ਖੁੰਹਦ ਅਤੇ ਪਰਾਲੀ ਨੂੰ ਅੱਗ ਨਾ ਲਗਾਉਂਣ ਦੀ ਮੂਹਿੰਮ ਨੂੰ ਕੀਤਾ ਜਾਵੇਗਾ ਤੇਜ-ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ

—-ਜਿਲ੍ਹੇ ਦੇ ਹਰੇਕ ਪਿੰਡ ਵਿੱਚ ਸਥਿਤ ਮੰਦਿਰ ਅਤੇ ਗੁਰੂਦੁਆਰਿਆਂ ਅੰਦਰ ਅਨਾਉਂਸਮੈਂਟ ਕਰਕੇ ਕੀਤਾ ਜਾਵੇਗਾ ਜਾਗਰੂਕ

ਪਠਾਨਕੋਟ: 18 ਅਕਤੂਬਰ 2022:

ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਚਲਾਈ ਮੂਹਿੰਮ ਅਧੀਨ ਜਿਲ੍ਹੇ ਅੰਦਰ ਜਿਆਦਾ ਤੋਂ ਜਿਆਦਾ ਕਿਸਾਨਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ, ਅਤੇ ਕਿਸਾਨਾਂ ਨੂੰੰ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਵਾਤਾਵਰਣ ਦੀ ਸੰਭਾਲ ਕਰਦਿਆਂ ਖੇਤਾਂ ਅੰਦਰ ਪਰਾਲੀ ਜਾਂ ਹੋਰ ਫਸਲਾਂ ਦੀ ਰਹਿੰਦ ਖੁੰਹਦ ਨੂੰ ਅੱਗ ਨਾ ਲਗਾਈ ਜਾਵੇ, ਅਤੇ ਹੁਣ ਜਿਲ੍ਹਾ ਪਠਾਨਕੋਟ ਵਿੱਚ ਆਉਂਣ ਵਾਲੇ ਦਿਨ੍ਹਾਂ ਦੋਰਾਨ ਇਸ ਮੂਹਿੰਮ ਨੂੰ ਹੋਰ ਵੀ ਤੇਜ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸਥਿਤ ਮੀਟਿੰਗ ਹਾਲ ਵਿੱਚ ਬਲਾਕ ਵਿਕਾਸ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਪਠਾਨਕੋਟ, ਬਲਰਾਜ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ), ਯੁਧਵੀਰ ਸਿੰਘ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਤੇ ਹੋਰ ਸਬੰਧਤ ਵਿਭਾਗਾਂ ਦੇ ਵੱਖ ਵੱਖ ਜਿਲ੍ਹਾ ਅਧਿਕਾਰੀ ਵੀ ਹਾਜਰ ਸਨ।

ਮੀਟਿੰਗ ਦੋਰਾਨ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਜਿਲ੍ਹਾ ਪਠਾਨਕੋਟ ਨੂੰ ਪੂਰੀ ਤਰ੍ਹਾਂ ਨਾਲ ਪ੍ਰਦੁਸਣ ਮੁਕਤ ਬਣਾਉਂਣ ਲਈ ਮੂਹਿੰਮ ਤੇਜ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਕਿ ਖੇਤਾਂ ਅੰਦਰ ਪਰਾਲੀ ਨੂੰ ਅੱਗ ਲਗਾ ਕੇ ਕਿਸਾਨ ਅਪਣੇ ਥੋੜੇ ਜਿਨ੍ਹੇ ਲਾਭ ਲਈ ਬਹੁਤ ਵੱਡਾ ਨੁਕਸਾਨ ਕਰ ਜਾਂਦੇ ਹਨ, ਖੇਤਾਂ ਅੰਦਰ ਪਰਾਲੀ ਸਾੜਨ ਦੇ ਨਾਲ ਹੀ ਫਸਲਾਂ ਦੇ ਮਿੱਤਰ ਕੀੜੇ ਵੀ ਸੜ ਜਾਂਦੇ ਹਨ ਅਤੇ ਇਸ ਦੇ ਨਤੀਜੇ ਸਾਨੂੰ ਭਵਿੱਖ ਅੰਦਰ ਭੋਗਣੇ ਪੈਂਦੇ ਹਨ।

ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਪਰਾਲੀ ਖੇਤਾਂ ਅੰਦਰ ਨਾ ਸਾੜਨ ਲਈ ਜਾਗਰੁਕ ਕਰਨ ਲਈ ਚਲਾਈ ਮੂਹਿੰਮ ਅਧੀਨ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਪਠਾਨਕੋਟ ਦੀ ਨਿਗਰਾਨੀ ਵਿੱਚ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਦੀ ਸਹਾਇਤਾਂ ਨਾਲ ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸਥਿਤ ਗੁਰੂਦੁਆਰਿਆਂ ਅਤੇ ਮੰਦਿਰਾਂ ਅੰਦਰ ਅਨਾਊਂਸਮੈਂਟ ਕਰਵਾਏ ਜਾਣਗੇ ਅਤੇ ਕਿਸਾਨਾਂ ਨੂੰ ਖੇਤਾਂ ਅੰਦਰ ਪਰਾਲੀ ਨਾ ਸਾੜਨ ਲਈ ਜਾਗਰੁਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਰਾਲੀ  ਨਾ ਸਾੜਨ ਲਈ ਜਿਲ੍ਹੇ ਅੰਦਰ ਕੰਮ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵੀ ਕਿਸਾਨਾਂ ਨੂੰ ਜਾਗਰੁਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਕਿਸਾਨਾਂ ਦੀਆਂ ਮੀਟਿੰਗਾਂ ਕਰਕੇ ਪੰਚਾਇਤ ਵੱਲੋਂ ਮਤੇ ਪਾਏ ਜਾਣਗੇ ਅਤੇ ਪ੍ਰਣ ਲਿਆ ਜਾਵੇਗਾ ਕਿ ਕਿਸਾਨ ਅਪਣੇ ਖੇਤਾਂ ਅੰਦਰ ਪਰਾਲੀ ਅਤੇ ਹੋਰ ਫਸਲਾਂ ਦੀ ਰਹਿੰਦ ਖੁੰਹਦ ਨੂੰ ਅੱਗ ਨਹੀਂ ਲਗਾਉਂਣਗੇ।