ਖੇਤੀਬਾੜੀ ਵਿਭਾਗ ਵੱਲੋਂ ਨੈਸ਼ਨਲ ਪੈਸਟ ਸਰਵੇਲੈਂਸ ਸਿਸਟਮ ਸਬੰਧੀ ਮੀਟਿੰਗ ਆਯੋਜਿਤ ਕੀਤੀ ਗਈ

ਰੂਪਨਗਰ, 4 ਦਸੰਬਰ:
ਮੁੱਖ ਖੇਤੀਬਾੜੀ ਅਫਸਰ ਰੂਪਨਗਰ ਡਾ. ਗੁਰਬਚਨ ਸਿੰਘ ਦੀ ਪ੍ਰਧਾਨਗੀ ਹੇਠ ਨੈਸ਼ਨਲ ਪੈਸਟ ਸਰਵੇਲੈਂਸ ਸਿਸਟਮ ਸਬੰਧੀ ਇੱਕ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਵਿੱਚ ਉਚੇਚੇ ਤੌਰ ਤੇ ਸੈਂਟਰ ਫਾਰ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਤੋਂ ਡਾ. ਚੇਤਨ ਜਨਾਵਡ, ਏ.ਪੀ.ਪੀ.ਓ. ਰਾਜਵੀਰ ਸਿੰਘ, ਐਸ.ਏ. ਅਤੇ ਉਨ੍ਹਾਂ ਦੇ ਹੋਰ ਸਹਿਯੋਗੀਆਂ ਵੱਲੋਂ ਇਸ ਮੀਟਿੰਗ ਵਿੱਚ ਉਪਰੋਕਤ ਭਾਰਤ ਸਰਕਾਰ ਵੱਲੋਂ ਤਿਆਰ ਕੀਤਾ ਜਾ ਰਿਹਾ ਪੈਸਟ ਸਰਵੇਲੈਂਸ ਦੇ ਪੋਰਟਲ ਉੱਤੇ ਸੂਚਨਾ ਮੁਹੱਈਆ ਕਰਵਾਉਣ ਦੇ ਵੱਖ-ਵੱਖ ਕੰਪੋਨੈਟ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਸਕੀਮ ਵਿੱਚ ਵੱਖ-ਵੱਖ ਬਲਾਕਾਂ ਦੇ 2-2 ਕਿਸਾਨਾਂ ਨੂੰ ਇਸ ਪੋਰਟਲ ਵਿੱਚ ਸੂਚਨਾ ਮੁਹੱਈਆ ਕਰਨ ਲਈ ਨਾਮਜ਼ਦ ਕੀਤੇ ਜਾਣ ਦਾ ਪ੍ਰੋਗਰਾਮ ਹੈ। ਜਿਨ੍ਹਾਂ ਨੂੰ ਸਰਕਾਰ ਵੱਲੋਂ ਕੁਝ ਨਾ ਕੁਝ ਮਹੀਨੇਵਾਰ ਭੱਤਾ ਦੇਣਾ ਵਿਚਾਰ ਅਧੀਨ ਹੈ। ਇਨ੍ਹਾਂ ਨਾਮਜ਼ਦ ਕਿਸਾਨਾਂ ਅਤੇ ਨੋਡਲ ਅਫਸਰਾਂ ਵੱਲੋਂ ਇਸ ਪੋਰਟਲ ਉੱਤੇ ਵੱਖ-ਵੱਖ ਫਸਲਾਂ ਉੱਤੇ ਕੀੜੇ-ਮਕੌੜਿਆਂ ਤੇ ਬਿਮਾਰੀਆਂ ਦੇ ਹਮਲੇ ਦੀ ਸੂਚਨਾ ਉਪਲਬਧ ਕਰਵਾਈ ਜਾਣੀ ਹੈ ਤਾਂ ਜੋ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਉਨ੍ਹਾਂ ਨੂੰ ਵੱਖ-ਵੱਖ ਫਸਲਾਂ ਉੱਤੇ ਹੋ ਰਹੇ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੇ ਹਮਲਿਆਂ ਦੀ ਰੋਕਥਾਮ ਲਈ ਤੁਰੰਤ ਉਪਾਅ ਦੱਸੇ ਜਾ ਸਕਣ ਅਤੇ ਫਸਲਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ।
ਡਾ. ਰਣਯੋਧ ਸਿੰਘ ਸਹਾਇਕ ਪੌਦ ਸੁਰੱਖਿਆ ਅਫਸਰ ਵੱਲੋਂ ਇਸ ਮੀਟਿੰਗ ਵਿੱਚ ਸ਼ਾਮਲ ਅਧਿਕਾਰੀਆਂ ਅਤੇ ਕਿਸਾਨ ਭਰਾਵਾਂ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਇਸ ਪੋਰਟਲ ਉੱਤੇ ਵੱਧ ਤੋਂ ਵੱਧ ਵੱਖ-ਵੱਖ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੇ ਹਮਲੇ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਜਾਣਗੀਆਂ। ਉਨ੍ਹਾਂ ਸੀ.ਆਈ.ਪੀ.ਐਮ. ਦੇ ਹਾਜ਼ਰ ਅਧਿਕਾਰੀਆਂ ਨੂੰ ਪੋਰਟਲ ਵਿੱਚ ਹਾੜੀ ਦੀਆਂ ਵੱਖ-ਵੱਖ ਫਸਲਾਂ ਨੂੰ ਸ਼ਾਮਲ ਕਰਨ ਲਈ ਉੱਚ ਅਧਿਕਾਰੀਆਂ ਨਾਲ ਇਹ ਮਸਲਾ ਵਿਚਾਰਨ ਲਈ ਬੇਨਤੀ ਵੀ ਕੀਤੀ।
ਇਸ ਮੀਟਿੰਗ ਵਿੱਚ ਇਸ ਸਕੀਮ ਦੇ ਨੋਡਲ ਅਫਸਰ ਡਾ. ਰਣਯੋਧ ਸਿੰਘ ਸਹਾਇਕ ਪੌਦ ਸੁਰੱਖਿਆ ਅਫਸਰ, ਡਾ. ਦਵਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ(ਪੀ.ਪੀ.) ਅਤੇ ਡਾ. ਰਮਨ ਕਰੋੜੀਆ, ਖੇਤੀਬਾੜੀ ਅਫਸਰ, ਡਾ. ਰਮਨਦੀਪ ਸਿੰਘ, ਖੇਤੀਬਾੜੀ ਅਫਸਰ (ਇੰਨ) ਦੇ ਨਾਲ-ਨਾਲ ਉੱਦਮੀ ਕਿਸਾਨ ਭੁਪਿੰਦਰ ਸਿੰਘ ਪਿੰਡ ਭੱਦਲ, ਜਿੰਦਰ ਸਿੰਘ ਪਿੰਡ ਸੰਧੂਆਂ, ਸ਼ਾਮ ਸਿੰਘ ਪਿੰਡ ਚਰਹੇੜੀ ਅਤੇ ਮਨਦੀਪ ਸਿੰਘ ਪਿੰਡ ਓਇੰਦ ਵੱਲੋਂ ਭਾਗ ਲਿਆ ਗਿਆ।