ਪਰਾਲੀ ਨੂੰ ਸਾਂਭਣ ਲਈ ਅਤੇ ਖੇਤਾਂ ਵਿੱਚ ਹੀ ਮਿਲਾਉਣ ਲਈ ਕਿਸਾਨਾਂ ਨੂੰ ਸਬਸਿਡੀ ‘ਤੇ ਮੁਹੱਈਆ ਕਰਵਾਈ ਜਾ ਰਹੀ ਹੈ ਖੇਤੀ ਮਸ਼ੀਨਰੀ
ਤਰਨ ਤਾਰਨ, 28 ਸਤੰਬਰ :
ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਸ਼੍ਰੀ ਕੁਲਜੀਤ ਸਿੰਘ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜ਼ਿਲ੍ਹਾ ਤਰਨ ਤਾਰਨ ਵੱਲੋਂ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ । ਉਹਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਬਸਿਡੀ ‘ਤੇ ਪਰਾਲੀ ਨੂੰ ਸਾਂਭਣ ਲਈ ਅਤੇ ਖੇਤਾਂ ਵਿੱਚ ਹੀ ਮਿਲਾਉਣ ਲਈ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ ।ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਸ਼ੀਨਰੀ ਤੇ ਸਬਸਿਡੀ ਲਈ 911 ਵਿਅਕਤੀਗਤ ਲਾਭਪਾਤਰੀਆਂ ਅਤੇ 676 ਕਸਟਮ ਹਾਇਰਿੰਗ ਸੈਂਟਰਾਂ (ਕਿਸਾਨ ਗਰੁੱਪਾਂ), 9 ਗ੍ਰਾਮ ਪੰਚਾਇਤਾਂ ਅਤੇ 15 ਬੇਲਰ ਅਤੇ 15 ਰੇਕ ਦੀ ਚੋਣ ਕਰਕੇ ਪਿਛਲੇ ਦਿਨੀਂ ਆਰਡਰ ਜਾਰੀ ਕਰ ਦਿੱਤੇ ਗਏ ਹਨ ਅਤੇ ਕਿਸਾਨ ਲਗਾਤਾਰ ਮਸ਼ੀਨਰੀ ਦੀ ਖਰੀਦ ਕਰਕੇ ਲਾਭ ਉਠਾ ਰਹੇ ਹਨ।
ਇਸ ਤੋਂ ਇਲਾਵਾ ਪਿੰਡ ਪੱਧਰ ‘ਤੇ ਲਗਾਤਾਰ ਜਾਗਰੂਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਸੰਬੰਧੀ ਸਮਝਾਇਆ ਜਾ ਰਿਹਾ ਹੈ ਅਤੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਸਪੀਕਰਾਂ ਰਾਹੀਂ ਲਗਾਤਾਰ ਅਨਾਊਂਸਮੈਂਟ ਕਰਵਾਈਆ ਜਾ ਰਹੀਆਂ ਹਨ।ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦੇ 74 ਕਲੱਸਟਰ ਅਫ਼ਸਰ ਅਤੇ 506 ਨੋਡਲ ਅਫ਼ਸਰ ਲਗਾਏ ਹਨ ।

English






