ਜਮੀਨ ਦੀ ਸਿਹਤ ਸੁਧਾਰ ਲਈ ਹਰੀ ਖਾਦ ਅਤੇ ਕੱਲਰ ਸੁਧਾਰ ਲਈ ਜਿਪਸਮ ਦੀ ਵਰਤੋਂ ਕੀਤੀ ਜਾਵੇ: ਡਾਇਰੈਕਟਰ ਖੇਤੀਬਾੜੀ

ਅੰਮ੍ਰਿਤਸਰ 24 ਮਈ,2021
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ: ਸੁਖਦੇਵ ਸਿੰਘ ਸਿੱਧੂ ਨੇ ਪੰਜਾਬ ਰਾਜ ਦੇ ਸਮੂਹ ਮੁੱਖ ਖੇਤੀਬਾੜੀ ਅਫਸਰਾਂ ਨਾਲ ਵਰਚੂਅਲ ਰੀਵਿਊ ਮੀਟਿੰਗ ਕੀਤੀ ਗਈ ਅਤੇ ਵਿਭਾਗ ਦੀਆਂ ਚੱਲ ਰਹੀਆਂ ਸਕੀਮਾਂ ਦਾ ਜਾਇਜਾ ਲਿਆ ਗਿਆ। ਉਹਨਾਂ ਕਿਹਾ ਕਿ ਜਮੀਨ ਵਿੱਚੋਂ ਲਗਾਤਾਰ ਸਬਜੀਆਂ, ਫਲ ਅਤੇਂ ਫਸਲਾਂ ਦੀ ਪੈਦਾਵਾਰ ਲੈਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ਅਤੇ ਤੱਤਾਂ ਦੀ ਪੂਰਤੀ ਲਈ ਰਸਾਇਣਿਕ ਖਾਦਾਂ ਦੀ ਖਪਤ ਕਾਫੀ ਮਹਿੰਗੀ ਸਿੱਧ ਹੁੰਦੀ ਹੈ। ਇਸ ਕਰਕੇ ਖੇਤੀ ਖਰਚਿਆਂ ਨੂੰ ਘਟਾਉਣ, ਜਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਅਤੇ ਕੁਆਲਿਟੀ ਦੀ ਪੈਦਾਵਾਰ ਲਈ ਜੰਤਰ ਦੀ ਬਿਜਾਈ ਕਰਕੇ ਹਰੀ ਖਾਦ ਤਿਆਰ ਕਰਨ ਨਾਲ ਖਾਦਾਂ ਦੀ ਵਰਤੋਂ ਨੂੰ ਕਾਫੀ ਹੱਦ ਘਟਾਇਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਸਾਉਣੀ 2021 ਦੌਰਾਨ ਜਿਲ੍ਹਾ ਅੰਮ੍ਰਿਤਸਰ ਅੰਦਰ ਕਿਸਾਨਾਂ ਨੂੰ 710 ਕੁਇੰਟਲ ਜੰਤਰ ਦਾ ਬੀਜ 20 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਤੇ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਗਿਆ। ਜਿਲ੍ਹਾਂ ਅੰਮ੍ਰਿਤਸਰ ਵਿੱਚ ਕਣਕ ਦੀ ਕਟਾਈ ਉਪਰੰਤ ਬਾਸਮਤੀ ਫਸਲ ਦੀ ਕਾਸ਼ਤ ਲਗਭਗ 1 ਲੱਖ ਹੈਕਟੇਅਰ ਤੇ ਕੀਤੀ ਜਾਂਦੀ ਹੈ। ਬਾਸਮਤੀ ਦੀ ਕਾਸ਼ਤ ਤੋਂ ਪਹਿਲਾਂ ਜੇਕਰ ਜੰਤਰ ਦੀ ਬਿਜਾਈ ਰਾਂਹੀ ਹਰੀ ਖਾਦ ਤਿਆਰ ਕੀਤੀ ਜਾਵੇ ਤਾਂ ਬਾਸਮਤੀ ਦੀ ਫਸਲ ਨੂੰ ਯੂਰੀਆ ਖਾਦ ਪਾਉਣ ਦੀ ਜਰੂਰਤ ਹੀ ਨਹੀ ਪੈਂਦੀ।
ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮਿੱਟੀ ਪਰਖ ਕਰਵਾਉਣ ਉਪਰੰਤ ਨਤੀਜਾ ਰਿਪੋਰਟ ਦੇ ਆਧਾਰ ਤੇ ਹੀ ਲੋੜ੍ਹ ਮੁਤਾਬਿਕ ਖੁਰਾਕੀ ਤੱਤਾਂ ਨੂੰ ਜਮੀਨ ਵਿੱਚ ਪਾਉਣ ਦੀ ਜਰੂਰਤ ਹੁੰਦੀ ਹੈ, ਜਿਸ ਲਈ ਦੇਸੀ ਰੂੜੀ, ਹਰੀ ਖਾਦ, ਸ਼ਹਿਰੀ ਕੰਪੋਸਟ, ਵਰਮੀ ਕੰਪੋਸਟ, ਪ੍ਰੈੈਸ-ਮੱਡ, ਫਸਲੀ ਰਹਿੰਦ-ਖੂਹੰਦ ਜਮੀਨ ਵਿੱਚ ਇਕਸਾਰ ਵਰਤਣ ਨਾਲ ਜਿਥੇ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਉੱਥੇ ਝਾੜ ਵਿੱਚ ਵੀ ਚੋਖਾ ਵਾਧਾ ਹੁੰਦਾ ਹੈ। ਉਹਨਾਂ ਦੱਸਿਆ ਕਿ ਜਮੀਨ ਦੇ ਕੱਲਰ ਸੁਧਾਰ ਲਈ ਜਿਲ੍ਹੇ ਅੰਦਰ 755 ਮੀਟ੍ਰਿਕ ਟਨ ਜਿਪਸਮ 50 ਫੀਸਦ ਸਬਸਿਡੀ ਤੇ ਉਪਲੱਬਧ ਕਰਵਾਇਆ ਗਿਆ ਹੈ। ਇਸੇ ਤਰਾਂ ਸਾੁੳਣੀ ਦੀ ਬਿਜਾਈ ਦੌਰਾਨ ਪਾਣੀ ਦੀ ਬੱਚਤ ਕਰਨਾਂ ਵੀ ਸਮੇਂ ਦੀ ਮੁੱਖ ਮੰਗ ਹੈ। ਝੋਨੇ/ਬਾਸਮਤੀ ਦੀ ਕਾਸ਼ਤ ਤੋਂ ਪਹਿਲਾਂ ਖੇਤ ਨੂੰ ਲੇਜਰ ਲੈਵਲਰ ਨਾਲ ਪੱਧਰਾ ਕਰਵਾ ਕੇ 25-30% ਤੱਕ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਫਸਲਾਂ ਦੀ ਬਿਜਾਈ ਨੂੰ ਹੀ ਤਰਹੀਜ ਦਿੱਤੀ ਜਾਵੇ।