ਸ੍ਰੀ ਚਮਕੌਰ ਸਾਹਿਬ, 8 ਨਵੰਬਰ:
ਖੇਤੀਬਾੜੀ ਵਿਭਾਗ ਵੱਲੋਂ ਨਵੋਦਿਆ ਵਿਦਿਆਲਿਆ ਸੰਧੂਆਂ ਵਿਖੇ ਵਿਦਿਆਰਥੀਆਂ ਨੂੰ ਵਾਤਾਵਰਨ ਸਬੰਧੀ ਜਾਗਰੂਕ ਕਰਨ ਅਤੇ ਪਰਾਲੀ ਨੂੰ ਸਾੜਨ ਦੇ ਨੁਕਸਾਨਾਂ ਬਾਰੇ ਜਾਗਰੂਕਤਾ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਰੂਪਨਗਰ ਡਾ. ਗੁਰਬਚਨ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਖੇਤੀਬਾੜੀ ਅਫਸਰ ਨੇ ਪਰਾਲੀ ਨੂੰ ਸਾੜਨ ਨਾਲ ਮਿੱਟੀ, ਹਵਾ, ਸਿਹਤ ਅਤੇ ਸੂਖਮ ਜੀਵਾ ਦੇ ਹੁੰਦੇ ਨੁਕਸਾਨ ਬਾਰੇ ਵਿਸਥਾਰ ਸਾਹਿਤ ਚਰਚਾ ਕੀਤੀ।
ਖੇਤੀਬਾੜੀ ਅਫਸਰ ਸ੍ਰੀ ਚਮਕੌਰ ਸਾਹਿਬ ਸ. ਗੁਰਕਿਰਪਾਲ ਸਿੰਘ ਨੇ ਪਰਾਲੀ ਨੂੰ ਸੰਭਾਲਣ ਲਈ ਆਧੁਨਿਕ ਤਕਨੀਕਾਂ ਅਤੇ ਇਸ ਦੀ ਵਰਤੋਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।
ਵਿਦਿਆਲਿਆ ਦੇ ਪੰਜਾਬੀ ਅਧਿਆਪਕ ਕ੍ਰਿਸ਼ਨ ਸਿੰਘ ਵੱਲੋਂ ਇਸ ਸਮੱਸਿਆ ਸਬੰਧੀ ਜਾਗਰੂਕ ਕਰਦੇ ਆਪਣੀ ਕਵਿਤਾ ਸਾਂਝੀ ਕੀਤੀ ਗਈ। ਇਸ ਕਵਿਤਾ ਨੇ ਮਹਿਮਾਨਾਂ ਤੇ ਵਿਦਿਆਰਥੀਆਂ ਦਾ ਮਨ ਮੋਹ ਲਿਆ। ਸਾਰੇ ਬੁਲਾਰਿਆ ਨੇ ਵਿਦਿਆਰਥੀਆਂ ਨੂੰ ਪਰਾਲੀ ਨਾ ਸਾੜਨ ਦੇ ਸੰਦੇਸ਼ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ।
ਵਿਦਿਆਲਿਆ ਦੇ ਪ੍ਰਿੰਸੀਪਲ ਸ੍ਰੀ ਰਤਨ ਲਾਲ ਗੁਪਤਾ ਜੀ ਨੇ ਖੇਤੀਬਾੜੀ ਅਧਿਕਾਰੀਆਂ ਨੂੰ ਵਿਸ਼ਵਾਸ ਦਵਾਇਆ ਕਿ ਵਿਦਿਆਲਿਆ ਦੇ ਵਿਦਿਆਰਥੀ ਇਸ ਸੰਦੇਸ਼ ਨੂੰ ਸਮਾਜ ਵਿੱਚ ਫੈਲਾਉਣਗੇ।
ਇਸ ਮੌਕੇ ਤੇ ਕਰਵਾਏ ਗਏ ਲੇਖ ਮੁਕਾਬਲੇ ਵਿੱਚ ਕੁਮਾਰੀ ਸਿਮਰਨ, ਕੁਮਾਰੀ ਅਮੀਸ਼ਾ ਸ਼ਰਮਾ ਅਤੇ ਕੁਮਾਰੀ ਹਰ ਸਿਮਰਨ ਕੌਰ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।
ਵਿਦਿਆਲਿਆ ਦੇ ਪ੍ਰਿੰਸੀਪਲ ਸ਼੍ਰੀ ਰਤਨ ਲਾਲ ਗੁਪਤਾ ਅਤੇ ਸਮੁੱਚੇ ਸਟਾਫ ਤੇ ਵਿਦਿਆਰਥੀਆਂ ਨੇ ਇਹ ਸਮਾਗਮ ਨੂੰ ਸਫਲ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ।
ਇਸ ਮੌਕੇ ਖੇਤੀਬਾੜੀ ਵਿਭਾਗ ਤੋਂ ਅੰਕੜਾ ਅਫਸਰ ਸ. ਰੁਪਿੰਦਰ ਸਿੰਘ ਅਤੇ ਟੀਮ ਟੈਕਨੋਲੋਜੀ ਮੈਨੇਜਰ ਸ਼੍ਰੀ ਅਰੁਣ ਕੁਮਾਰ ਵਿਦਿਆਲਿਆ ਦੇ ਸੀਨੀਅਰ ਟੀਚਰ ਸ.ਹਰਦੀਪ ਸਿੰਘ ਅਤੇ ਸੰਗੀਤ ਅਧਿਆਪਕ ਸ. ਰਵਿੰਦਰ ਸਿੰਘ ਤੋਂ ਇਲਾਵਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

English






