ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੀ ਹਦੂਦ ਅੰਦਰ ਝੋਨੇ ਦੀ ਪਰਾਲੀ ਆਦਿ ਨੂੰ ਅੱਗ ਲਗਾਉਣ ‘ਤੇ ਪੂਰਨ ਤੌਰ’ ਤੇ ਰੋਕ ਦੇ ਹੁਕਮ ਜਾਰੀ

— ਇਹ ਹੁਕਮ 26 ਅਕਤੂਬਰ 2023 ਤੋਂ 30 ਨਵੰਬਰ 2023 ਤੱਕ ਲਾਗੂ ਰਹੇਗਾ
ਫਿਰੋਜ਼ਪੁਰ, 26 ਅਕਤੂਬਰ 2023 :
ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐੱਸ. ਨੇ ਫੌਜ਼ਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫਿਰੋਜ਼ਪੁਰ ਦੀ ਹਦੂਦ ਅੰਦਰ ਝੋਨੇ ਦੀ ਪਰਾਲੀ ਆਦਿ ਨੂੰ ਅੱਗ ਲਗਾਉਣ ‘ਤੇ ਪੂਰਨ ਤੌਰ’ ਤੇ ਰੋਕ ਲਗਾਈ ਹੈ।
ਉਨ੍ਹਾਂ ਕਿਹਾ ਕਿ ਹਰ ਪਿੰਡ ਦੇ ਸਬੰਧਤ ਨੰਬਰਦਾਰਾਂ ਆਪਣੇ ਪਿੰਡ ਵਿੱਚ ਲੋਕਾਂ ਨੂੰ ਪਿੰਡਾਂ ਵਿਚ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕਰਨ ਅਤੇ ਜੇਕਰ ਕਿਸੇ ਵੀ ਪਿੰਡ ਵਿੱਚ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਉਸ ਪਿੰਡ ਦੇ ਨੰਬਰਦਾਰ ਦੀ ਜ਼ਿੰਮੇਵਾਰੀ ਫਿਕਸ ਕਰਦੇ ਹੋਏ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਜੇਕਰ ਕੋਈ ਵੀ ਜਿੰਮੀਦਾਰ/ਕਿਸਾਨ ਝੋਨੇ ਦੀ ਪਰਾਲੀ ਆਦਿ ਨੂੰ ਅੱਗ ਲਗਾਏਗਾ ਉਸ ਵਿਰੁੱਧ ਵੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜੇਕਰ ਉਹ ਵਿਅਕਤੀ ਅਸਲਾ ਲਾਇੰਸਸ ਧਾਰਕ ਹੈ ਤਾਂ ਉਸਦੇ ਅਸਲਾ ਲਾਇਸੰਸ ‘ਤੇ ਹਰ ਤਰ੍ਹਾਂ ਦੇ ਕੰਮ ਲਈ ਰੋਕ ਲਗਾ ਦਿੱਤੀ ਜਾਵੇਗੀ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਪੰਜਾਬ ਰਾਜ ਵਿੱਚ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਝੋਨੇ ਦੀ ਕਟਾਈ ਤੋਂ ਬਾਅਦ ਆਮਤੌਰ ‘ਤੇ ਜਿੰਮੀਦਾਰਾਂ/ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ/ਰਹਿੰਦ-ਖੂੰਹਦ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਕਾਰਨ ਹਵਾ ਦਾ ਪ੍ਰਦੂਸ਼ਣ ਹੁੰਦਾ ਹੈ ਜਿਸ ਕਾਰਨ ਆਮ ਵਿਅਕਤੀਆਂ ਨੂੰ ਸਾਹ ਲੈਣ ਵਿੱਚ ਸਮੱਸਿਆ ਆਉਂਦੀ ਹੈ ਅਤੇ ਕੋਈ ਵੀ ਸੜਕ ਦੁਰਘਟਨਾ ਜਾਂ ਅਣਸੁਖਾਵੀ ਘਟਨਾ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਲਈ ਅਜਿਹੀਆਂ ਘਟਨਾਵਾਂ ਨੂੰ ਰੋਕਣਾ ਬਹੁਤ ਜਰੂਰੀ ਹੈ।
ਇਹ ਹੁਕਮ 26 ਅਕਤੂਬਰ 2023 ਤੋਂ 30 ਨਵੰਬਰ 2023 ਤੱਕ ਲਾਗੂ ਰਹੇਗਾ।