ਜ਼ਿਲ੍ਹੇ ਵਿੱਚ 0 ਤੋਂ 05 ਸਾਲ ਦੇ ਬੱਚਿਆਂ ਦੇ ਅਧਾਰ ਕਾਰਡ ਬਣਾਉਣ ਲਈ ਵਿਸ਼ੇਸ਼ ਮੁਹਿੰਮ

ਜ਼ਿਲ੍ਹੇ ਵਿੱਚ 0 ਤੋਂ 05 ਸਾਲ ਦੇ ਬੱਚਿਆਂ ਦੇ ਅਧਾਰ ਕਾਰਡ ਬਣਾਉਣ ਲਈ ਵਿਸ਼ੇਸ਼ ਮੁਹਿੰਮ
—ਮੁਹਿੰਮ ਦੀ ਸਫਲਤਾ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ
ਰੂਪਨਗਰ, 30 ਸਤੰਬਰ:
ਪੀ ਸੀ ਐਸ ਅਧਿਕਾਰੀ ਸ. ਅਰਵਿੰਦਰਪਾਲ ਸਿੰਘ ਸੋਮਲ ਨੇ ਜ਼ਿਲ੍ਹੇ ਵਿੱਚ 0 ਤੋਂ 05 ਸਾਲ ਦੇ ਬੱਚਿਆਂ ਦੇ ਅਧਾਰ ਕਾਰਡ ਬਣਾਉਣ ਅਤੇ 05 ਤੋਂ 15 ਸਾਲ ਤੇ ਬੱਚਿਆਂ ਦੇ ਅਧਾਰ ਕਾਰਡ ਅਪਡੇਟ ਕਰਵਾਉਣ ਦੀ ਪ੍ਰਕਿਰਿਆ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਹਨਾਂ ਨੇ ਇਸ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੀ ਲੋੜ ‘ਤੇ ਜ਼ੋਰ ਦਿੱਤਾ।
ਸ. ਅਰਵਿੰਦਰਪਾਲ ਸਿੰਘ ਨੇ ਜ਼ਿਲ੍ਹੇ ਵਿਚ 0 ਤੋਂ 15 ਤੱਕ ਦੇ ਬੱਚਿਆਂ ਦੇ ਬਣੇ ਅਧਾਰ ਕਾਰਡਾਂ ਸਬੰਧੀ ਸਮੀਖਿਆ ਕੀਤੀ ਅਤੇ ਦੱਸਿਆ ਕਿ ਇਸ ਕਾਰਜ ਵਿਚ ਤੇਜ਼ੀ ਲੈਕੇ ਆਉਣ ਵਾਸਤੇ ਸਕੂਲਾਂ ਵਿਚ ਆਧਾਰ ਕਾਰਡ ਬਣਾਉਣ ਸਬੰਧੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣਗੇ ਤਾਂ ਜੋ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਨੌਜਵਾਨਾਂ ਦੀ ਵੱਡੀ ਗਿਣਤੀ ਨੂੰ ਤੇਜ਼ੀ ਨਾਲ ਕਵਰ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਕਿਸੇ ਵੀ ਮੁਹਿੰਮ ਦੀ ਸਫਲਤਾ ਲਈ ਲੋਕਾਂ ਦਾ ਸਹਿਯੋਗ ਲਾਜ਼ਮੀ ਹੈ। ਇਸ ਲਈ ਜ਼ਿਲ੍ਹਾ ਵਾਸੀ ਇਸ ਸਬੰਧੀ ਪੂਰਨ ਸਹਿਯੋਗ ਦੇਣ।
ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਕੈਂਪਾਂ ਦੀ ਯੋਜਨਾ ਇਸ ਤਰੀਕੇ ਨਾਲ ਕਰਨ ਤਾਂ ਜੋ ਕੋਈ ਵੀ ਬੱਚਾ ਆਧਾਰ ਕਾਰਡ ਤੋਂ ਵਾਂਝਾ ਨਾ ਰਹੇ।  ਲੋਕਾਂ ਨੂੰ ਅਧਾਰ ਕਾਰਡ ਦੀ ਅਹਿਮੀਅਤ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤੇ ਝੁੱਗੀਆਂ ਵਿਚ ਰਹਿੰਦੇ ਪਰਿਵਾਰਾਂ ਦੇ ਬੱਚਿਆਂ ਨੂੰ ਇਸ ਮੁਹਿੰਮ ਦੇ ਘੇਰੇ ਵਿਚ ਲੈਕੇ ਆਉਣਾ ਯਕੀਨੀ ਬਣਾਇਆ ਜਾਵੇ। ਉਹਨਾਂ ਦੱਸਿਆ ਕਿ ਦੇਸ਼ ਵਿਚ ਵੱਡੀ ਗਿਣਤੀ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਕਿਸੇ ਵੀ ਕਾਰਨ ਆਪਣੇ ਪਰਿਵਾਰਾਂ ਤੋਂ ਵਿਛੜੇ ਬੱਚੇ ਆਧਾਰ ਕਾਰਡ ਦੇ ਵੇਰਵਿਆਂ ਸਦਕਾ ਹੀ ਮੁੜ ਆਪਣੇ ਪਰਿਵਾਰਾਂ ਵਿਚ ਪੁੱਜੇ।
ਮੀਟਿੰਗ ਵਿੱਚ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਨੁਮਾਇੰਦਿਆਂ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।