ਕਲਰਕ ਦੀ ਆਸਾਮੀ ‘ਤੇ ਦਿੱਤੀ ਪਦਉੱਨਤੀ ਵਾਪਿਸ ਲੈਂਦਿਆਂ ਮੁੜ ਸਵੀਪਰ-ਕਮ-ਚੌਂਕੀਦਾਰ(ਦਰਜਾ -4) ਆਸਾਮੀ ‘ਤੇ ਭੇਜਿਆ ਵਾਪਿਸ
ਬਰਨਾਲਾ, 12 ਜੁਲਾਈ 2021
ਡਾ. ਜਸਵੀਰ ਸਿੰਘ ਔਲ਼ਖ, ਸਿਵਲ ਸਰਜਨ, ਬਰਨਾਲਾ ਵੱਲੋਂ ਪਿਛਲੇ ਦਿਨੀਂ ਸਿਹਤ ਵਿਭਾਗ ਵਿੱਚ ਕੰਮ ਕਰਦੇ ਹਰੇਕ ਅੰਗਹੀਣ ਅਧਿਕਾਰੀ/ਕਰਮਚਾਰੀ ਦੀ ਅੰਗਹੀਣ ਸਰਟੀਫੀਕੇਟ ਦੀ ਜਾਂਚ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ ।ਸਿਵਲ ਸਰਜਨ ਬਰਨਾਲਾ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਪਾਲਣਾ ਕਰਦਿਆਂ ਵਿਭਾਗ ਨਾਲ ਸਬੰਧਿਤ ਜਿਲਾ ਬਰਨਾਲਾ ਦੇ ਸਾਰਿਆਂ ਸਰਟੀਫੀਕੇਟ ਦੀ ਪੜਚੋਲ ਕੀਤੀ ਗਈ ਜਿਸ ਵਿੱਚੋਂ ਇਕ ਕਰਮਚਾਰੀ ਜਸਵਿੰਦਰ ਸਿੰਘ ਕਲਰਕ ਪੀ.ਐਚ.ਸੀ. ਮਹਿਲ ਕਲਾਂ ਵੱਲੋਂ ਅੰਗਹੀਣ ਦਾ 45 ਫੀਸਦੀ ਦਾ ਗਲਤ ਸਰਟੀਫੀਕੇਟ ਲਗਾ ਕੇ ਸਵੀਪ ਕਮ-ਚੌਂਕੀਦਾਰ ਤੋਂ ਅੰਗਹੀਣ ਕੋਟੇ ਅਧੀਨ ਬਤੌਰ ਕਲਰਕ ਦੀ ਪੱਦ ਉੱਨਤੀ ਲੈ ਲਈ ਗਈ ਸੀ।
ਇਸ ਤੋਂ ਬਾਅਦ ਦਫਤਰ ਸਿਵਲ ਸਰਜਨ ਵੱਲੋਂ ਜਸਵਿੰਦਰ ਸਿੰਘ ਕਲਰਕ ਪੀ.ਐਚ.ਸੀ. ਮਹਿਲ ਕਲਾਂ ਵਿਰੁੱਧ ਕਾਰਵਾਈ ਕਰਨ ਲਈ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਨੂੰ ਲਿਖ ਦਿੱਤਾ ਗਿਆ। ਸਿਵਲ ਸਰਜਨ ਬਰਨਾਲਾ ਵੱਲੋਂ ਪਿਛਲੇ ਦਿਨੀਂ ਭੇਜੀ ਗਈ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵੱਲੋਂ ਜਸਵਿੰਦਰ ਸਿੰਘ ਨੂੰ ਕਲਰਕ ਦੀ ਆਸਾਮੀ ‘ਤੇ ਦਿੱਤੀ ਗਈ ਪਦਉੱਨਤੀ ਵਾਪਿਸ ਲੈਂਦੇ ਹੋਏ ਮੁੜ ਸਵੀਪਰ-ਕਮ-ਚੌਂਕੀਦਾਰ (ਦਰਜਾ -4) ਆਸਾਮੀ ‘ਤੇ ਵਾਪਿਸ ਭੇਜਦਿਆਂ ਸੁਧਾਰ ਦੀ ਪੋਸਟਿੰਗ ਕਰ ਦਿੱਤੀ ਗਈ ਹੈ।
ਡਾ. ਔਲ਼ਖ ਨੇ ਦੱਸਿਆ ਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਤੋਂ ਪ੍ਰਾਪਤ ਹੁਕਮਾਂ ਅਨੁਸਾਰ ਜਸਵਿੰਦਰ ਸਿੰਘ ਵੱਲੋਂ ਪੇਸ਼ ਕੀਤੇ ਗਏ ਜਾਅਲੀ ਦਸਤਾਵੇਜ/ਅੰਗਹੀਣਤਾ ਸਰਟੀਫਿਕੇਟ ਸਬੰਧੀ ਮੁਕੰਮਲ ਪੜਤਾਲ ਕਰਨ ਲਈ ਉੱਚ ਪੱਧਰੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਜਾ ਚੁੱਕਾ ਹੈ ਤੇ ਇਹ ਕਮੇਟੀ 30 ਦਿਨਾਂ ਦੇ ਅੰਦਰ-ਅੰਦਰ ਪੜਤਾਲ ਰਿਪੋਰਟ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਨੂੰ ਦੇਵੇਗੀ।

English





