-ਹੈਪੀ ਸੀਡਰ ਨਾਲ ਬਿਜਾਈ ਕਰਨ ‘ਤੇ ਖਰਚੇ ‘ਚ ਆਈ ਕਮੀ ਗੁਰਪ੍ਰੀਤ ਸਿੰਘ
2 ਬਿੱਘੇ ਤੋਂ ਸ਼ੁਰੂ ਕਰਕੇ ਹੁਣ 60 ਬਿੱਘੇ ‘ਚ ਕਰ ਰਿਹਾ ਹਾਂ ਸਿੱਧੀ ਬਿਜਾਈ
ਕਿਸਾਨ ਸਮੂਹ ਬਣਾਕੇ ਲਈ ਮਸ਼ੀਨਰੀ ਨਾਲ ਹੋਇਆ ਲਾਭ
-ਵਾਤਾਵਰਨ ਨੂੰ ਦੂਸ਼ਿਤ ਨਾ ਕਰਕੇ ਸਕੂਨ ਮਹਿਸੂਸ ਕਰਦਾ ਹਾਂ – ਗੁਰਪ੍ਰੀਤ ਸਿੰਘ
ਪਟਿਆਲਾ, 1 ਅਕਤੂਬਰ:
ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹ ਕੇ ਪਿੰਡ ਖੇੜੀ ਗੰਡਿਆ ਦਾ ਪੜਿਆਂ ਲਿਖਿਆ ਨੌਜਵਾਨ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ 40 ਏਕੜ ਜਮੀਨ ਵਿੱਚ ਸਫਲਤਾਪੂਰਵਕ ਖੇਤੀ ਕਰ ਰਿਹਾ ਹੈ। ਗੁਰਪ੍ਰੀਤ ਸਿੰਘ ਨੇ ਆਪਣੀ ਸਫਲ ਖੇਤੀਬਾੜੀ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਸ ਨੇ ਪਿਛਲੇ ਪੰਜ ਸਾਲਾਂ ਦੌਰਾਨ ਆਪਣੇ ਖੇਤਾਂ ਵਿੱਚ ਕਦੇ ਅੱਗ ਨਹੀਂ ਲਗਾਈ ਜਿਸ ਨਾਲ ਫ਼ਸਲਾਂ ਲਈ ਲਾਭਦਾਇਕ ਮਿੱਤਰ ਕੀੜਿਆਂ ਨੇ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕੀਤਾ ਹੈ ਅਤੇ ਪਹਿਲਾਂ ਨਾਲੋਂ ਖੇਤਾਂ ਵਿੱਚ ਯੂਰੀਆ ਖਾਦ ਦੀ ਵਰਤੋਂ ਵੀ ਘੱਟ ਹੋਣ ਲੱਗੀ ਹੈ। ਉਨ੍ਹਾਂ ਦੱਸਿਆ ਕਿ ਜਿਥੇ ਪਰਾਲੀ ਵਿੱਚ ਵਾਹੁਣ ਨਾਲ ਯੂਰੀਆ ਖਾਦ ਦੀ ਵਰਤੋਂ ਵਿੱਚ ਕਮੀ ਆਈ ਹੈ ਉਥੇ ਹੀ ਜਮੀਨ ਦੀ ਪਾਣੀ ਜਜ਼ਬ ਕਰਨ ਦੀ ਸਮਰੱਥਾ ਵਿੱਚ ਵੀ ਵਾਧਾ ਹੋਇਆ ਹੈ ਜੋ ਕਿ ਜਮੀਨ ਦੀ ਉਪਜਾਊ ਸ਼ਕਤੀ ਲਈ ਲਾਹੇਵੰਦ ਹੈ।
ਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹੋਰਨਾਂ ਲਾਭਾਂ ਤੋਂ ਇਲਾਵਾ ਸਭ ਤੋਂ ਵੱਡਾ ਫ਼ਾਇਦਾ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਉਹ ਵਾਤਾਵਰਨ ਨੂੰ ਦੂਸ਼ਿਤ ਕਰਨ ਵਾਲੀਆਂ ਤਕਨੀਕਾਂ ਤੋਂ ਬਿਨਾਂ ਸਫਲਤਾਪੂਰਵਕ ਖੇਤੀ ਕਰ ਰਹੇ ਹਨ ਅਤੇ ਉਹ ਇਸ ਗੱਲ ਕਰਕੇ ਬੜਾ ਸਕੂਨ ਮਹਿਸੂਸ ਕਰਦੇ ਹਨ।
37 ਸਾਲਾਂ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਸਿੱਧੀ ਬਿਜਾਈ ਦੋ ਬਿੱਘੇ ਤੋਂ ਸ਼ੁਰੂ ਕੀਤੀ ਸੀ ਜੋ ਹੁਣ ਉਹ 60 ਬਿੱਘੇ ਵਿੱਚ ਸਫਲਤਾ ਨਾਲ ਕਰ ਰਿਹਾ ਹੈ, ਉਹ ਆਪਣੀ ਅਗੇਤੀ ਝੋਨੇ ਦੀ ਫਸਲ ਦੇ 15 ਏਕੜ ਸੁਪਰ ਐਸ.ਐਮ.ਐਸ. ਦੀ ਮਦਦ ਨਾਲ ਕੱਟਦਾ ਹੈ ਅਤੇ ਫੇਰ ਖੇਤ ਨੂੰ ਹੈਰੋ ਦੀ ਮਦਦ ਨਾਲ ਵਾਹ ਦਿੰਦਾ ਹੈ ਤੇ 10 ਦਿਨਾਂ ਬਾਅਦ ਕਣਕ ਦੀ ਬਿਜਾਈ ਕਰ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਪਛੇਤੀ ਫਸਲ ਦੀ ਬਿਜਾਈ ਹੈਪੀ ਸੀਡਰ ਨਾਲ ਕੀਤੀ ਜਾਂਦੀ ਹੈ ਜੋ ਪਿੰਡਾਂ ਦੇ ਕਿਸਾਨਾਂ ਵੱਲੋਂ ਕਿਸਾਨ ਸਮੂਹ ਬਣਾਕੇ ਲਿਆ ਹੋਇਆ ਹੈ ਅਤੇ ਇਸ ਨਾਲ ਕੀਤੀ ਬਿਜਾਈ ‘ਤੇ ਖਰਚ ਬਹੁਤ ਘੱਟ ਆਉਂਦਾ ਹੈ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹੈਪੀ ਸੀਡਰ ਦੀ ਮਦਦ ਨਾਲ ਝੋਨੇ ਤੋਂ ਬਾਅਦ ਕਣਕ ਦੀ ਬਿਜਾਈ ਵਿੱਚ ਵੀ ਆਸਾਨੀ ਹੁੰਦੀ ਹੈ ਉਨ੍ਹਾਂ ਦੱਸਿਆ ਕਿ ਆਮ ਤੌਰ ‘ਤੇ ਕਿਸਾਨ ਖੇਤ ਨੂੰ 7-8 ਵਾਰ ਵਾਹ ਕੇ ਤਿਆਰ ਕਰਦਾ ਹੈ ਜਦਕਿ ਹੈਪੀ ਸੀਡਰ ਦੀ ਵਰਤੋਂ ਨਾਲ ਇੱਕ ਵਾਰੀ ਵਿੱਚ ਹੀ ਕਣਕ ਦੀ ਬਿਜਾਈ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹੈਪੀ ਸੀਡਰ ਨਾਲ ਬਿਜਾਈ ਕਰਕੇ ਜਿੱਥੇ ਵਾਤਾਵਰਨ ਸਾਫ਼-ਸੁਥਰਾ ਰਹਿੰਦਾ ਹੈ ਉਥੇ ਹੀ ਖੇਤ ਵਿੱਚ ਪਰਾਲੀ ਮਿਲਾਉਣ ਨਾਲ ਜਮੀਨ ਦੀ ਜੈਵਿਕ ਸਥਿਤੀ ਵਿੱਚ ਵੀ ਸੁਧਾਰ ਆਉਂਦਾ ਹੈ ਅਤੇ ਲੇਬਰ ਅਤੇ ਊਰਜਾ ਵਰਗੇ ਸਾਧਨਾ ਦੀ ਬੱਚਤ ਹੁੰਦੀ ਹੈ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ ਘਟਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਕਣਕ ਦੀ ਬਿਜਾਈ ਦਾ ਖਰਚਾ ਵੀ ਘਟਦਾ ਹੈ ਅਤੇ ਝਾੜ ‘ਤੇ ਵੀ ਕੋਈ ਅਸਰ ਨਹੀਂ ਪੈਦਾ।
ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੇਤਾਂ ਵਿੱਚ ਵਾਹੁਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਥੇ ਇਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੋਣੋ ਬਚੇਗਾ ਉਥੇ ਹੀ ਸਾਡੇ ਖੇਤਾਂ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੋਵੇਗਾ ਅਤੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਵਾਤਾਵਰਨ ਅਤੇ ਉਪਜਾਊ ਜਮੀਨ ਦੇਕੇ ਜਾਵਾਗੇ।

English






