ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ

ਤਰਨ ਤਾਰਨ, 22 ਦਸੰਬਰ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ ਹੋਈ ।ਮੀਟਿੰਗ ਵਿੱਚ ਕੋਰੋਨਾ ਵਾਇਰਸ ਅਤੇ ਐੱਨ. ਐੱਚ. ਐੱਮ ਅਧੀਨ ਚੱਲ ਰਹੇ ਵੱਖ-ਵੱਖ ਪ੍ਰੋਗਰਾਮਾਂ ਦੀ ਵਿੱਤੀ ਅਤੇ ਭੌਤਿਕ ਪ੍ਰਗਤੀ ਦਾ ਮੁਲਾਂਕਣ  ਕੀਤਾ ਗਿਆ।ਇਸ ਮੌਕੇ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਤੋਂ ਇਲਾਵਾ ਸਿਹਤ ਵਿਭਾਗ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਤਰਨ ਤਾਰਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਲਦ ਹੀ ਜਨਵਰੀ ਵਿੱਚ ਕੋਵਿਡ-19 ਦੀ ਵੈਕਸੀਨ ਲੋਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਨੂੰ ਬਣਦਾ ਸਹਿਯੋਗ ਦਿੱਤਾ ਜਾਵੇ ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੋਮ ਡਿਲਵਰੀ ਨੂੰ ਜ਼ਿਲ੍ਹਾ ਤਰਨ  ਤਾਰਨ ਵਿੱਚ 0% ਤੇ ਲੈ ਕੇ ਆਉਣਾ ਹੈ ਅਤੇ ਇਸ ਦੇ ਨਾਲ ਹੀ ਜਣਨੀ ਸੁਰੱਕਸ਼ਾ ਯੋਜਨਾ ਅਧੀਨ ਬੀ. ਪੀ. ਐੱਲ ਪਰਿਵਾਰਾਂ ਨੂੰ ਬੱਚਾ ਪੈਦਾ ਹੋਣ ਤੋਂ ਬਾਦ ਪਿੰਡ ਦੀਆਂ ਔਰਤਾਂ ਨੂੰ  ਸਰਕਾਰੀ ਹਸਪਤਾਲ ਵਿੱਚ ਡਿਲਵਰੀ ਦੇ 700 ਰੁ:, ਸ਼ਹਿਰ ਦੀਆਂ ਔਰਤਾਂ ਨੂੰ ਡਿਲਵਰੀ ਦੇ 600 ਰੁ: ਅਤੇ ਹੋਮ ਡਿਲਵਰੀ ਦੇ 500 ਰੁ: ਸਰਕਾਰ ਦੁਆਰਾ  ਮਾਲੀ ਸਹਾਇਤਾ ਦਿੱਤੀ ਜਾਂਦੀ ਹੈ ।
ਮੀਟਿੰਗ ਦੌਰਾਨ ਸਿਵਲ ਸਰਜਨ ਨੇ ਦੱਸਿਆ ਗਿਆ ਕਿ ਹੁਣ ਤੱਕ ਕੋਰੋਨਾ ਵਾਇਰਸ ਤੋਂ ਪੀੜ੍ਹਤ 1975 ਵਿਅਕਤੀ ਸਿਹਤਯਾਬ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ । ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਲੈ ਗਏ 114436 ਸੈਂਪਲਾਂ ਵਿੱਚੋਂ 110170 ਵਿਅਕਤੀਆਂ ਦੇ ਸੈਂਪਲ ਨੈਗਟਿਵ ਪਾਏ ਗਏ ਹਨ, ਜਦਕਿ 2093  ਮਰੀਜ਼ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ  ਅਤੇ 103 ਲੋਕਾਂ ਦੀ ਇਸ ਵਾਇਰਸ ਦੇ ਨਾਲ ਮੌਤ ਹੋ ਚੁੱਕੀ ਹੈ ।
ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਜਿਲ੍ਹੇ ਦੀਆਂ ਸਮੂਹ ਸਰਕਾਰੀ ਸਿਹਤ ਕੇਂਦਰਾ ਵਿੱਚ ਕੋਵਿਡ-19 ਦੇ ਸੰਬੰਧ ਵਿੱਚ ਮੁਫਤ ਟੈੱਸਟ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਵੱਲੋਂ ਆਏ ਹੋਏ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦਾ ਕੋਈ ਵੀ ਲੱਛਣ ਮਹਿਸੂਸ ਹੁੰਦੇ ਹੀ ਆਪਣੇ ਅਤੇ ਆਪਣੇ ਪਰਿਵਾਰ ਦਾ ਸਰਕਾਰੀ ਸਿਹਤ ਕੇਂਦਰ ਤੋਂ ਤੁਰੰਤ ਟੈੱਸਟ ਕਰਵਾਇਆ ਜਾਵੇ ।
ਉਹਨਾਂ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਹਦਾਇਤ ਦਿੱਤੀ ਕਿ ਜੇਕਰ ਕੋਈ ਵੀ ਵਿਅਕਤੀ  ਕੋਰੋਨਾ ਵਾਇਰਸ ਪਾਜ਼ੇਟਿਵ ਆਉਂਦਾ ਹੈ ਤਾਂ ਉਸੀ ਸਮੇਂ ਰੈਂਪਿਡ ਰਿਸਪੌਂਸ ਟੀਮ ਵੱਲੋਂ  ਉਸ ਪਾਜ਼ੇਟਿਵ ਮਰੀਜ਼ ਦੇ ਸੰਪਰਕ ਪਤਾ ਕਰਕੇ ਉਨ੍ਹਾਂ ਦਾ ਟੈੱਸਟ ਕਰਵਾਇਆ ਜਾਵੇਗਾ ਅਤੇ ਆੱਨਲਾਈਨ ਡਾਟਾ ਨੂੰ ਜਲਦੀ ਤੋਂ ਜਲਦੀ ਅੱਪਲੋਡ ਕੀਤਾ ਜਾਵੇ ।