ਨਵਾਂਸ਼ਹਿਰ, 4 ਸਤੰਬਰ :
ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ ਵੱਲੋਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਪੋਲਿੰਗ ਸਟੇਸ਼ਨ ਦੀ ਰੈਸ਼ਨੇਲਾਈਜ਼ੇਸ਼ਨ ਸਬੰਧੀ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨਾਂ ਦੱਸਿਆ ਕਿ ਜ਼ਿਲੇ ਵਿਚ ਮੌਜੂਦਾ ਸਮੇਂ 592 ਪੋਲਿੰਗ ਕੇਂਦਰ ਹਨ ਅਤੇ ਕੁੱਲ ਵੋਟਰਾਂ ਦੀ ਗਿਣਤੀ 487956 ਹੈ। ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਬੰਗਾ ਵਿਚ 196, ਨਵਾਂਸ਼ਹਿਰ ਵਿਚ 206 ਅਤੇ ਬਲਾਚੌਰ ਵਿਚ 190 ਪੋਲਿੰਗ ਬੂਥ ਹਨ ਅਤੇ ਵੋਟਰਾਂ ਦੀ ਗਿਣਤੀ ਕ੍ਰਮਵਾਰ 163927, 172703 ਅਤੇ 151326 ਹੈ।
ਉਨਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1-1-2021 ਦੇ ਆਧਾਰ ’ਤੇ ਕਰਵਾਈ ਜਾਣ ਵਾਲੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦੇ ਪ੍ਰੋਗਰਾਮ ਅਨੁਸਾਰ 10 ਅਗਸਤ 2020 ਤੋਂ 31 ਅਕਤੂਬਰ 2020 ਤੱਕ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜ਼ੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਰੈਸ਼ਨੇਲਾਈਜ਼ੇਸਨ ਉਪਰੰਤ ਨਕਸ਼ੇ ਅਤੇ ਫਾਰਮੇਟ ਭੇਜਣ ਦੀ ਮਿਤੀ 16 ਸਤੰਬਰ 2020 ਹੈ। ਉਨਾਂ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਇਕ ਪੋਲਿੰਗ ਸਟੇਸ਼ਨ ’ਤੇ ਵੋਟਰਾਂ ਦੀ ਗਿਣਤੀ ਵੱਧ ਤੋਂ ਵੱਧ 1500 ਤੱਕ ਰੱਖੀ ਜਾਣੀ ਹੈ, ਜਿਸ ਅਨੁਸਾਰ ਜ਼ਿਲੇ ਵਿਚ ਪੈਂਦੇ ਕਿਸੇ ਵੀ ਵਿਧਾਨ ਸਭਾ ਚੋਣ ਹਲਕੇ ਵਿਚ ਕੋਈ ਨਵਾਂ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣ ਦੀ ਲੋੜ ਨਹੀਂ ਹੈ।
ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਨਵਾਂਸ਼ਹਿਰ ਵੱਲੋਂ ਪੋਲਿੰਗ ਬੂਥ ਨੰਬਰ 33-ਸਰਕਾਰੀ ਐਲੀਮੈਂਟਰੀ ਸਕੂਲ ਮਹਾਲੋਂ (ਪ੍ਰਾਇਮਰੀ ਸਕੂਲ ਵਿੰਗ) ਵਿਚ ਪੈਂਦੇ ਪੋਲਿੰਗ ਏਰੀਆ ਸੰਤ ਨਗਰ ਨੂੰ ਪੋਲਿੰਗ ਬੂਥ ਨੰਬਰ 67-ਸਰਕਾਰੀ ਐਲੀਮੈਂਟਰੀ ਸਕੂਲ ਕਿਲਾ ਮੁਹੱਲਾ ਵਿਚ ਸ਼ਾਮਲ ਕਰਨ ਦੀ ਤਜਵੀਜ਼ ਪ੍ਰਾਪਤ ਹੋਈ ਹੈ। ਉਨਾਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਉਕਤ ਸਬੰਧੀ ਕੋਈ ਇਤਰਾਜ਼ ਲਿਖਤੀ ਰੂਪ ਵਿਚ ਦਿੱਤਾ ਜਾ ਸਕਦਾ ਹੈ।
ਉਨਾਂ ਵੋਟਰ ਸੂਚੀਆਂ ਦੇ ਸੁਧਾਈ ਦੇ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੋਟਰ ਸੂਚੀਆਂ ਦੀ ਡਰਾਫਟ ਪਬਲੀਕੇਸ਼ਨ 16 ਨਵੰਬਰ 2020 ਨੂੰ ਹੋਵੇਗੀ ਅਤੇ ਦਾਅਵੇ-ਇਤਰਾਜ਼ ਦਾਖ਼ਲ ਕਰਨ ਦਾ ਸਮਾਂ 16 ਨਵੰਬਰ 2020 ਤੋਂ 15 ਦਸੰਬਰ 2020 ਤੱਕ ਦਾ ਹੋਵੇਗਾ। ਉੁਨਾਂ ਦੱਸਿਆ ਕਿ ਵਿਸ਼ੇਸ਼ ਮੁਹਿੰਮ ਦੀਆਂ ਮਿਤੀਆਂ 21, 22 ਨਵੰਬਰ 2020 ਅਤੇ 5,6 ਦਸੰਬਰ 2020 ਹੋਣਗੀਆਂ। ਉਨਾਂ ਦੱਸਿਆ ਕਿ ਦਾਅਵੇ-ਇਤਰਾਜ਼ਾਂ ਦਾ ਨਿਪਟਾਰਾ 5 ਜਨਵਰੀ 2021 ਤੱਕ ਕੀਤਾ ਜਾਵੇਗਾ ਅਤੇ ਵੋਟਰ ਸੂਚੀ ਦੀ ਪਿ੍ਰਟਿੰਗ 14 ਜਨਵਰੀ 2021 ਨੂੰ ਹੋਵੇਗੀ। ਉਨਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 15 ਜਨਵਰੀ 2021 ਨੂੰ ਕੀਤੀ ਜਾਵੇਗੀ। ਉਨਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂੂਚੀਆਂ ਦੀ ਸੁਧਾਈ ਦੇ ਇਸ ਕੰਮ ਵਿਚ ਸਹਿਯੋਗ ਦੀ ਅਪੀਲ ਕੀਤੀ। ਇਸ ਮੌਕੇ ਚੋਣ ਤਹਿਸੀਲਦਾਰ ਹਰੀਸ਼ ਕੁਮਾਰ, ਚੋਣ ਕਾਨੂੰਗੋ ਵਿਵੇਕ ਮੋਇਲਾ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।

English






