ਡਿਪਟੀ ਕਮਿਸ਼ਨਰ ਵੱਲੋਂ ਹਰੇਕ ਪਿੰਡ ਵਿਚ ਬਿਮਾਰ ਵਿਅਕਤੀਆਂ ਤੱਕ ਪਹੁੰਚ ਕਰਨ ਦੀ ਹਦਾਇਤ

ਅੰਮਿ੍ਰਤਸਰ, 18 ਮਈ , 2021 –ਮੁੱਖ ਮੰਤਰੀ ਪੰਜਾਬ ਵੱਲੋਂ ਕੋਰੋਨਾ ਨੂੰ ਪਿੰਡਾਂ ਵਿਚੋਂ ਖਤਮ ਕਰਨ ਲਈ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਜਿਲ੍ਹੇ ਦੀਆਂ ਪੰਚਾਇਤਾਂ, ਪੰਚਾਇਤ ਵਿਭਾਗ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਇਕ ਟੀਮ ਬਣ ਕੇ ਕੰਮ ਕਰਨ ਦੀ ਹਦਾਇਤ ਕਰਦੇ ਕਿਹਾ ਕਿ ਹਰੇਕ ਪਿੰਡ ਦੇ ਬਿਮਾਰ ਵਿਅਕਤੀ ਤੱਕ ਪਹੁੰਚ ਕੀਤੀ ਜਾਵੇ, ਜਿਸ ਵਿਚ ਇਹ ਵੇਖਿਆ ਜਾਵੇ ਕਿ ਕੀ ਉਕਤ ਵਿਅਕਤੀ ਵਿਚ ਕੋਰੋਨਾ ਦੇ ਲੱਛਣ ਤਾਂ ਨਹੀਂ। ਉਨਾਂ ਕਿਹਾ ਕਿ ਇਸ ਵੇਲੇ ਵੇਖਣ ਵਿਚ ਆ ਰਿਹਾ ਹੈ ਕਿ ਪਿੰਡਾਂ ਵਿਚ ਕੋਰੋਨਾ ਦਸਤਕ ਤਾਂ ਦੇ ਚੁੱਕਾ ਹੈ, ਪਰ ਪਿੰਡਾਂ ਦੇ ਲੋਕ ਕੋਰੋਨਾ ਟੈਸਟ ਨਹੀਂ ਕਰਵਾ ਰਹੇ, ਉਲਟਾ ਇਸ ਦਾ ਇਲਾਜ ਪਿੰਡਾਂ ਵਿਚ ਬੈਠੇ ਆਰ. ਐਮ ਪੀ ਤੇ ਹੋਰ ਡਾਕਟਰਾਂ ਕੋਲੋਂ ਕਰਵਾਉਣ ਲੱਗ ਪੈਂਦੇ ਹਨ, ਜਿਸ ਕਾਰਨ ਬਿਮਾਰੀ ਵਿਗੜ ਰਹੀ ਹੈ, ਜਦ ਉਕਤ ਵਿਅਕਤੀ ਨੂੰ ਜ਼ਿਆਦਾ ਗੰਭੀਰ ਹੋਣ ਉਤੇ ਸ਼ਹਿਰ ਦੇ ਕਿਸੇ ਚੰਗੇ ਹਸਪਤਾਲ ਵਿਚ ਲਿਆਂਦਾ ਜਾਂਦਾ ਹੈ, ਤਾਂ ਬਹੁਤੇ ਕੇਸਾਂ ਵਿਚ ਸਥਿਤੀ ਇੰਨੀ ਵਿਗੜ ਚੁੱਕੀ ਹੁੰਦੀ ਹੈ, ਵਿਅਕਤੀ ਨੂੰ ਬਚਾਉਣਾ ਲਗਭਗ ਨਾ ਮੁਮਕਿਨ ਹੋ ਜਾਂਦਾ ਹੈ। ਮੁੱਖ ਮਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਕੋਰੋਨਾ ਬਾਬਤ ਆਪਣੇ ਪਿੰਡਾਂ ਦੀ ਸਾਰ ਲੈਣ ਦੇ ਵੀਡੀਓ ਕਾਨਫਰੰਸ ਜ਼ਰੀਏ ਦਿੱਤੇ ਸੱਦੇ ਮਗਰੋਂ ਡਿਪਟੀ ਕਮਿਸ਼ਨਰ ਨੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਣਬੀਰ ਸਿੰਘ ਮੂਧਲ ਅਤੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨਾਲ ਮੀਟਿੰਗ ਕਰਕੇ ਕਿਹਾ ਕਿ ਦੋਵੇਂ ਵਿਭਾਗ ਇਸ ਮੁਹਿੰਮ ਵਿਚ ਸਾਂਝੇ ਤੌਰ ਉਤੇ ਕੰਮ ਕਰਨ। ਉਨਾਂ ਕਿਹਾ ਕਿ ਪਿੰਡਾਂ ਵਿਚ ਸਰਪੰਚਾਂ, ਪੰਚਾਂ, ਮੋਹਤਬਰਾਂ, ਆਸ਼ਾ ਵਰਕਰਾਂ ਤੇ ਸਥਾਨਕ ਡਾਕਟਰਾਂ ਜ਼ਰੀਏ ਇਹ ਪਤਾ ਲਗਾਇਆ ਜਾਵੇ ਕਿ ਹਰੇਕ ਪਿੰਡ ਵਿਚ ਕੌਣ-ਕੌਣ ਬਿਮਾਰ ਹੈ। ਇਸ ਮਗਰੋਂ ਉਕਤ ਵਿਅਕਤੀ ਨਾਲ ਨਿੱਜੀ ਤੌਰ ਉਤੇ ਰਾਬਤਾ ਕਰਕੇ ਉਸਦਾ ਕੋਰੋਨਾ ਟੈਸਟ ਕਰਵਾ ਕੇ ਉਸਦਾ ਇਲਾਜ ਉਸਦੇ ਘਰ ਵਿਚ ਹੀ ਉਸ ਨੂੰ ਇਕਾਂਤਵਾਸ ਕਰਕੇ ਸ਼ੁਰੂ ਕੀਤਾ ਜਾਵੇ। ਸ. ਖਹਿਰਾ ਨੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਮੂਧਲ ਨੂੰ ਇਹ ਵੀ ਹਦਾਇਤ ਕੀਤੀ ਕਿ ਜੇਕਰ ਕਿਧਰੇ ਲੋੜ ਮਹਿਸੂਸ ਹੋਵੇ ਤਾਂ ਹਰੇਕ ਪਿੰਡ ਦੀ ਸਾਂਝੀ ਥਾਂ ਨੂੰ ਕੋਰੋਨਾ ਇਕਾਂਤਵਾਸ ਕੇਂਦਰ ਵਜੋਂ ਤਬਦੀਲ ਕਰ ਲਿਆ ਜਾਵੇ, ਤਾਂ ਜੋ ਜੇਕਰ ਕਿਸੇ ਰੋਗੀ ਵਿਅਕਤੀ ਦੇ ਘਰ ਇਕੱਲੇ ਰਹਿਣ ਲਈ ਸਥਾਨ ਨਹੀਂ ਹੈ ਤਾਂ ਉਸ ਨੂੰ ਇਸ ਇਕਾਂਤਵਾਸ ਕੇਂਦਰ ਵਿਚ ਲਿਆ ਕੇ ਉਸਦਾ ਇਲਾਜ ਕੀਤਾ ਜਾ ਸਕੇ। ਉਨਾਂ ਕਿਹਾ ਕਿ ਜੇਕਰ ਪਿੰਡ ਜਾਂ ਇਸ ਇਕਾਂਤਵਾਸ ਕੇਂਦਰ ਵਿਚ ਕੋਈ ਵਿਅਕਤੀ ਗੰਭੀਰ ਹੁੰਦਾ ਹੈ ਤਾਂ ਉਸ ਨੂੰ ਸਰਕਾਰੀ ਹਸਪਤਾਲ ਵਿਚ ਲਿਆ ਕੇ ਉਸਦਾ ਇਲਾਜ ਕੀਤਾ ਜਾਵੇ।
ਸ. ਖਹਿਰਾ ਨੇ ਕਿਹਾ ਕਿ ਇਸ ਲਈ ਸਾਨੂੰ ਜਿਲ੍ਹੇ ਦੇ 777 ਪਿੰਡਾਂ ਦੇ ਹਰੇਕ ਘਰ ਵਿਚ ਜਾਣਾ ਹੋਵੇਗਾ, ਤਾਂ ਕਿ ਬਿਮਾਰੀ ਦੀ ਚੇਨ ਤੋੜੀ ਜਾ ਸਕੇ। ਉਨਾਂ ਸਾਰੀਆਂ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਪਿੰਡ ਵਿਚ ਆਸ਼ਾ ਵਰਕਰ ਨਾਲ ਮਿਲਕੇ ਬਿਮਾਰ ਵਿਅਕਤੀ ਤੱਕ ਪਹੁੰਚ ਕਰਨ ਅਤੇ ਉਸ ਨੂੰ ਕੋਰੋਨਾ ਟੈਸਟ ਲਈ ਰਾਜ਼ੀ ਕਰਨ। ਉਨਾਂ ਕਿਹਾ ਕਿ ਪਹਿਲਾਂ ਸਾਡੇ ਕੋਲ ਇਸ ਦਾ ਕੋਈ ਇਲਾਜ ਨਹੀਂ ਸੀ, ਪਰ ਹੁਣ ਵੈਕਸੀਨ ਵਜੋਂ ਇਕ ਚੰਗਾ ਹੱਲ ਮਿਲਿਆ ਹੈ, ਸੋ ਸਾਨੂੰ ਸਾਰਿਆਂ ਨੂੰ ਕੋਰੋਨਾ ਤੋਂ ਬਚਾਅ ਲਈ ਟੀਕਾ ਲਗਵਾ ਲੈਣਾ ਚਾਹੀਦਾ ਹੈ। ਇਸ ਮੌਕੇ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਸ. ਦਿਲਰਾਜ ਸਿੰਘ ਸਰਕਾਰੀਆ ਨੇ ਵੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਾਰੇ ਕੰਮ ਛੱਡ ਕੇ ਕੋਰੋਨਾ ਦੇ ਖਾਤਮੇ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਇਸ ਲਈ ਪਿੰਡਾਂ ਦੇ ਮੋਹਤਬਰਾਂ, ਨੌਜਵਾਨਾਂ, ਜੀ ਓ ਜੀ, ਆਸ਼ਾ ਵਰਕਰ, ਯੂਥ ਕਲੱਬਾਂ ਦਾ ਸਹਿਯੋਗ ਲਵੋ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਮਹਿਤਾ ਪਿੰਡ ਦੇ ਸਰਪੰਚ ਸ. ਕਸ਼ਮੀਰ ਸਿੰਘ ਨੇ ਵੀਡੀਓ ਕਾਨਫਰੰਸ ਜ਼ਰੀਏ ਮੁੱਖ ਮੰਤਰੀ ਨਾਲ ਗੱਲਬਾਤ ਕਰਦੇ ਪਿੰਡ ਵਿਚੋਂ ਕਰੋਨਾ ਦੇ ਖਾਤਮੇ ਲਈ ਪੰਚਾਇਤ ਵੱਲੋਂ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।