ਡਿਪਟੀ ਕਮਿਸ਼ਨਰ ਨੇ ਮੁੱਢਲਾ ਸਿਹਤ ਕੇਂਦਰ ਸ਼੍ਰੀ ਕੀਰਤਪੁਰ ਸਾਹਿਬ ਦੇ ਨਵੀਨੀਕਰਨ ਲਈ ਐਸਟੀਮੇਟ ਬਣਾਉਣ ਦੀ ਦਿੱਤੀ ਹਦਾਇਤ 

ਸ਼੍ਰੀ ਕੀਰਤਪੁਰ ਸਾਹਿਬ, 10 ਅਕਤੂਬਰ:
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਲਈ ਅਹਿਮ ਫੈਂਸਲੇ ਲਏ ਗਏ ਹਨ ਜਿਸ ਅਧੀਨ ਸਰਕਾਰੀ ਹਸਪਤਾਲਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਵਲੋਂ ਅੱਜ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਦਾ ਦੋਰਾ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਜਲਦ ਸਰਕਾਰੀ ਹਸਪਤਾਲ਼ ਦੇ ਨਵੀਨੀਕਰਣ ਦਾ ਪ੍ਰਸਤਾਵ ਬਣਾਉਣ ਦੀ ਹਦਾਇਤ ਦਿੱਤੀ ਅਤੇ ਜੱਚਾ ਬੱਚਾ ਹਸਪਤਾਲ਼ ਤੋਂ ਲੈਕੇ ਹਰ ਬਲਾਕ ਦਾ ਵੱਖਰੇ ਤੌਰ ਉਤੇ ਇੱਕ ਹਫ਼ਤੇ ਵਿੱਚ ਪ੍ਰਸਤਾਵ ਬਣਾ ਕੇ ਜ਼ਿਲ੍ਹਾ ਹੈਡਕੁਆਟਰ ਵਿਖੇ ਭੇਜਣ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿੱਥੇ ਇਸ ਸਰਕਾਰੀ ਹਸਪਤਾਲ ਵਿਚ ਸੂਬੇ ਦੇ ਵੱਖ-ਵੱਖ ਪਿੰਡਾਂ ਦੇ ਲੋਕ ਇਲਾਜ਼ ਕਰਵਾਉਣ ਲਈ ਆਉਂਦੇ ਹਨ ਉੱਥੇ ਹੀ ਹਿਮਾਚਲ ਪ੍ਰਦੇਸ਼ ਦੇ ਲੋਕ ਵੀ ਇਥੇ ਇਲਾਜ਼ ਲਈ ਪਹੁੰਚ ਕਰਦੇ ਹਨ ਇਸ ਲਈ ਇਸਨੂੰ ਜਲਦ ਤੋਂ ਜਲਦ ਨਵੀਨੀਕਰਨ ਕਰਕੇ ਲੋਕਾਂ ਦੀ ਸੇਵਾ ਹਿਤ ਵਰਤਿਆ ਜਾਵੇ।
ਉਨ੍ਹਾਂ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਮਰੀਜ਼ਾਂ ਨੂੰ ਦੂਜੀ ਸ਼੍ਰੇਣੀ ਦੇ ਪੱਧਰ ਦੀਆਂ ਵੱਖ-ਵੱਖ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਮਰੀਜ਼ਾਂ ਨੂੰ ਹੋਰ ਆਧੁਨਿਕ ਅਤੇ ਸਾਫ ਸੁਥਰੇ ਵਾਤਾਵਰਨ ਦੀ ਸਹੂਲਤ ਪ੍ਰਦਾਨ ਕਰਨ ਲਈ ਹਸਪਤਾਲ ਦਾ ਵਿਸ਼ੇਸ ਤੌਰ ਉਤੇ ਧਿਆਨ ਰੱਖਿਆ ਜਾਵੇ।