ਡੀਏਪੀ ਖਾਦ ਦੀ ਜਮ੍ਹਾਖੋਰੀ ਨਾ ਕਰਨ ਖਾਦ ਵਿਕਰੇਤਾ – ਡਾ. ਜੰਗੀਰ ਸਿੰਘ

ਫ਼ਿਰੋਜ਼ਪੁਰ, 30 ਅਕਤੂਬਰ 2024

ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਖਾਸ ਕਰਕੇ ਹਾੜੀ ਦੀਆਂ ਫਸਲਾਂ ਦੀ ਕਾਸ਼ਤ ਲਈ ਲੋੜੀਦੀਆਂ ਖਾਦਾਂ ਮੁਹਈਆ ਕਰਵਾਉਣ ਦੇ ਮੰਤਵ ਨਾਲ ਮੁੱਖ ਖੇਤੀਬਾੜੀ ਅਫ਼ਸਰ ਡਾ. ਜੰਗੀਰ ਸਿੰਘ ਗਿੱਲ ਵੱਲੋਂ ਖੇਤੀ ਸਮੱਗਰੀ ਵਿਕਰੇਤਾਵਾਂ ਦੇ ਕਾਰੋਬਾਰ ਨਾਲ ਸੰਬੰਧਿਤ ਦੁਕਾਨਾਂ ਅਤੇ ਗੋਦਾਮਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

 ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਬੀਤੇ ਦਿਨਾਂ ਦੌਰਾਨ ਚੈਕਿੰਗ ਕਰਨ ਤੇ ਖਾਦ ਵਿਕਰੇਤਾ ਕੋਲ ਡੀ.ਏ.ਪੀ. ਖਾਦ ਨਹੀਂ ਪਾਈ ਗਈ। ਉਨ੍ਹਾਂ ਦੱਸਿਆ ਕਿ ਖਾਦ ਵਿਕਰੇਤਾਵਾਂ ਕੋਲ ਹੋਰ ਖਾਦਾਂ ਜਿਵੇਂ ਕਿ ਯੂਰੀਆ, ਸਿੰਗਲ ਸੁਪਰ ਫਾਸਫੇਟ, ਨੈਨੋ ਯੂਰੀਆ, ਨੈਨੋ ਡੀਏਪੀ ਤੇ 20-20-013 ਆਦਿ ਖਾਦਾਂ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਖਾਦ ਵਿਕਰੇਤਾਵਾਂ ਨੂੰ ਕਿਹਾ ਗਿਆ ਹੈ ਕਿ ਡੀਏਪੀ ਖਾਦ ਦੀ ਗੈਰ-ਕਾਨੂੰਨੀ ਜ਼ਖੀਰਾਬਾਜੀ ਨਾ ਕੀਤੀ ਜਾਵੇ। ਜੇਕਰ ਕੋਈ ਵਿਕਰੇਤਾ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਐਫ.ਸੀ.ਓ. ਐਕਟ 1985 ਅਤੇ ਜਰੂਰੀ ਵਸਤੂ ਐਕਟ 1955 ਤਹਿਤ ਕਾਰਵਾਈ ਕੀਤੀ ਜਾਵੇਗੀ।

 ਮੁੱਖ ਖੇਤੀਬਾੜੀ ਅਫ਼ਸਰ ਨੇ ਆਖਿਆ ਕਿ ਜਿਵੇਂ ਹੀ ਵਿਕਰੇਤਾਵਾਂ ਕੋਲ ਡੀਏਪੀ ਖਾਦ ਆਉਂਦੀ ਹੈ ਤਾਂ ਉਹ ਇਸ ਦੀ ਵਿਕਰੀ ਕਿਸਾਨਾਂ ਨੂੰ ਸਮੇਂ ਸਿਰ ਕਰਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਕਣਕ ਦੀ ਬਿਜਾਈ ਵਾਸਤੇ ਕਰੀਬ 5 ਲੱਖ ਬੋਰੀਆਂ ਡੀਏਪੀ ਖਾਦ ਦੀ ਜ਼ਰੂਰਤ ਹੈ ਤੇ ਹੁਣ ਤੱਕ 3 ਲੱਖ  5 ਹਜ਼ਾਰ ਬੋਰੀ ਡੀਏਪੀ ਤੇ ਇਸ ਤੇ ਬਦਲਵੇਂ ਪ੍ਰਬੰਧ ਵਜੋਂ 45 ਹਜਾਰ ਗੱਟਾ ਹੋਰ ਖਾਦਾਂ ਦੀ ਸਪਲਾਈ ਕੀਤੀ ਗਈ ਹੈ ਜਦਕਿ ਬਾਕੀ ਰਹਿੰਦੀ ਖਾਦ ਆਉਣ ਵਾਲੇ ਦਿਨਾਂ ‘ਚ ਪਹੁੰਚ ਜਾਵੇਗੀ।