ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਤੋਂ ਬਚਣ ਲਈ ਸਾਵਧਾਨ ਰਹਿਣ ਦੀ ਲੋੜ – ਡਾ. ਹਰਪਾਲ ਸਿੰਘ

ਬਟਾਲਾ, 18 ਅਗਸਤ 2021 ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਹੁਕਮਾਂ ਤਹਿਤ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਡੇਂਗੂ, ਚਿਕਨਗੁਨੀਆ, ਮਲੇਰੀਆ ਅਤੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਿਵਲ ਹਸਪਤਾਲ ਬਟਾਲਾ ਦੇ ਡਾ. ਹਰਪਾਲ ਸਿੰਘ ਨੇ ਲੋਕਾਂ ਨੂੰ ਬਿਮਾਰੀ ਦੇ ਲੱਛਣ, ਬਚਣ ਦੇ ਢੰਗ ਬਾਰੇ ਦੱਸਦਿਆਂ ਕਿਹਾ ਕਿ ਸਿਵਲ ਹਸਪਤਾਲ ਬਟਾਲਾ ਵਿਚ ਡੇਂਗੂ ਦੇ ਸਾਰੇ ਟੈਸਟ ਫ੍ਰੀ ਹੁੰਦੇ ਹਨ। ਉਨਾਂ ਲੋਕਾਂ ਨੂੰ ਸਮਝਾਇਆ ਕਿ ਉਹ ਹਫ਼ਤੇ ਵਿੱਚ ਹਰ ਸ਼ੁਕਰਵਾਰ ਨੂੰ ‘ਡਰਾਈ ਡੇ’ ਵਜੋਂ ਮਨਾਉਣ ਅਤੇ ਆਪਣੇ ਆਲੇ ਦੁਆਲੇ ਮੱਛਰਾਂ ਨੂੰ ਨਾ ਪਨਪਣ ਦੇਣ। ਉਨਾਂ ਕਿਹਾ ਕਿ ਟਾਇਰ-ਟਿਊਬਾਂ, ਕੂਲਰਾਂ, ਟੁੱਟੇ ਭਾਂਡਿਆਂ, ਕੂਲਰਾਂ ਆਦਿ ਵਿੱਚ ਪਾਣੀ ਨਾ ਖੜਾ ਹੋਣ ਦੇਵੋ। ਉਨਾਂ ਕਿਹਾ ਕਿ ਉਪਰੋਕਤ ਬਿਮਾਰੀਆਂ ਤੋਂ ਬਚਣ ਲਈ ਮੱਛਰ ਕੋਲੋਂ ਆਪਣਾ ਬਚਾਅ ਕੀਤਾ ਜਾਵੇ ਅਤੇ ਰਾਤ ਨੂੰ ਸੌਣ ਸਮੇਂ ਸਰੀਰ ਨੂੰ ਢੱਕਿਆ ਜਾਵੇ। ਉਨਾਂ ਕਿਹਾ ਕਿ ਮੱਛਰਦਾਰੀ ਜਾਂ ਮੱਛਰ ਭਜਾਊ ਕਰੀਮਾਂ ਆਦਿ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਡੇਂਗੂ ਬੁਖਾਰ ਨਾਲ ਬੰਦੇ ਦਾ ਸ਼ਰੀਰ ਦੁੱਖਦਾ ਹੈ, ਤੇਜ਼ ਬੁਖਾਰ ਹੁੰਦਾ ਹੈ, ਅੱਖਾਂ ਦੇ ਪਿਛਲੇ ਪਾਸੇ ਦਰਦਾਂ ਹੁੰਦੀਆਂ ਹਨ, ਕਿਸੇ-ਕਿਸੇ ਦੇ ਸ਼ਰੀਰ ਉੱਤੇ ਲਾਲ ਨਿਸ਼ਾਨ ਪੈ ਜਾਂਦੇ ਹਨ ਅਤੇ ਖੂਨ ਵਹਿੰਦਾ ਹੈ ਅਤੇ ਪਲੇਟਲਟ ਘੱਟ ਹੋ ਸਕਦੇ ਹਨ। ਉਨਾਂ ਕਿਹਾਂ ਕਿ ਡੇਂਗੂ ਦੇ ਬੁਖਾਰ ਵਿੱਚ ਦਵਾਈਆਂ ਦੀ ਬਹੁਤ ਲੋੜ ਨਹੀਂ ਹੁੰਦੀ ਆਮ ਦਵਾਈ ਹੀ ਕਾਫੀ ਹੁੰਦੀ ਹੈ। ਉਹਨਾਂ ਨੇ ਦੱਸਿਆ ਕਿ ਅੱਜ ਕੱਲ ਬਾਰਸ਼ਾਂ ਕਰਕੇ ਅਕਸਰ ਪਾਣੀ ਖੜਾ ਹੋ ਜਾਂਦਾ ਹੈ ਖਾਸ ਕਰਕੇ ਛੱਤਾਂ ਉਤੇ ਪਏੇ ਟੁਟੇ ਬਰਤਨ, ਟਾਇਰ, ਗਮਲਿਆਂ ਵਿਚ ਪਾਣੀ ਖੜਾ ਹੋ ਜਾਂਦਾ ਹੈ ਜੋ ਡੇਂਗੂ ਦਾ ਲਾਰਵਾ ਬਣਨ ਵਿੱਚ ਸਹਾਈ ਹੁੰਦਾ ਹੈ। ਉਨਾਂ ਕਿਹਾ ਕਿ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਦੀਆਂ ਬਿਮਾਰੀਆਂ ਨੂੰ ਸਾਵਧਾਨੀ ਵਰਤ ਕੇ ਟਾਲਿਆ ਜਾ ਸਕਦਾ ਹੈ, ਇਸ ਲਈ ਸਾਨੂੰ ਇਸ ਪ੍ਰਤੀ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ।