ਡੇਅਰੀ ਵਿਕਾਸ ਵਿਭਾਗ ਫਾਜ਼ਿਲਕਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਾਜ਼ਿਲਕਾ ਵਿਖੇ ਲਗਾਇਆ ਗਿਆ ਕੈਂਪ

— ਵਿਦਿਆਰਥੀਆਂ ਨੂੰ ਦੁੱਧ ਦੀ ਮਹੱਤਤਾ, ਗੁਣਵੱਤਾ ਅਤੇ ਵਿਭਾਗੀ ਸਕੀਮਾਂ ਤੋਂ ਕਰਵਾਇਆ ਜਾਣੂੰ

ਫਾਜ਼ਿਲਕਾ 6 ਅਕਤੂਬਰ 2023:

ਡੇਅਰੀ ਵਿਕਾਸ ਵਿਭਾਗ  ਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ ਨਿਰਦੇਸ਼ਾ ਅਤੇ ਡਾਇਰੈਕਟਰ ਡੇਅਰੀ ਵਿਕਾਸ ਸ੍ਰੀ. ਕੁਲਦੀਪ ਸਿੰਘ ਜੱਸੋਵਾਲ ਦੀ ਅਗਵਾਈ ਹੇਠ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਫਾਜ਼ਿਲਕਾ ਰਣਦੀਪ ਕੁਮਾਰ ਹਾਂਡਾ ਵੱਲੋਂ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਾਜ਼ਿਲਕਾ ਵਿਖੇ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ। ਜਿਸ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਦੁੱਧ ਦੀ ਮਹੱਤਤਾ, ਗੁਣਵੱਤਾ ਅਤੇ ਵਿਭਾਗੀ ਸਕੀਮਾਂ ਬਾਰੇ ਜਾਣੂੰ ਕਰਵਾਇਆ ਗਿਆ। ਇਸ ਮੌਕੇ ਡੇਅਰੀ ਵਿਕਾਸ ਇੰਸਪੈਕਟਰ ਅਰੁਣ ਬਾਂਸਲ ਤੇ ਗੁਰਪਾਲ ਸਿੰਘ, ਪਲੇਸਮੈਂਟ ਅਫਸਰ ਰਾਜ ਸਿੰਘ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਲੀਡ ਜ਼ਿਲ੍ਹਾ ਮੈਨੇਜਰ ਮਨੀਸ਼ ਕੁਮਾਰ ਵੀ ਹਾਜ਼ਰ ਸਨ।

ਡੇਅਰੀ ਵਿਕਾਸ ਇੰਸਪੈਕਟਰ ਅਰੁਣ ਬਾਂਸਲ ਤੇ ਗੁਰਪਾਲ ਸਿੰਘ ਨੇ ਸਕੂਲੀ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁੱਧ ਇੱਕ ਪੋਸ਼ਟਿਕ ਆਹਾਰ ਹੈ। ਉਨਾਂ ਕਿਹਾ ਕਿ ਬੱਚੇ ਦੀ ਸਿਹਤ ਤੇ ਸਖਸ਼ੀਅਤ ਦੇ ਨਿਖਾਰ ਵਾਸਤੇ ਦੁੱਧ ਬਹੁਤ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਡੇਅਰੀ ਵਿਭਾਗ ਵੱਲੋਂ ਨੌਜਵਾਨ ਡੇਅਰੀ ਪਾਲਕਾਂ ਲਈ 2 ਤੋਂ 4 ਹਫਤੇ ਦੀ ਡੇਅਰੀ ਉੱਦਮ ਸਿਖਲਾਈ ਦਿੱਤੀ ਜਾਂਦੀ ਹੈ ਜਿਸ ਉਪਰੰਤ ਨੌਜਵਾਨ ਲੋਨ ਪ੍ਰਾਪਤ ਕਰਕੇ ਡੇਅਰੀ ਦੇ ਸਹਾਇਕ ਕਿੱਤੇ ਨਾਲ ਜੁੜ ਕੇ ਆਪਣੀ ਆਰਥਿਕਤਾ ਮਜ਼ਬੂਤ ਕਰ ਸਕਦੇ ਹਨ।

ਪਲੇਸਮੈਂਟ ਅਫਸਰ ਸ੍ਰੀ. ਰਾਜ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਭਾਗ ਫਾਜ਼ਿਲਕਾ ਵਿਖੇ ਵੱਖ-ਵੱਖ ਕੰਪਨੀਆਂ ਨੂੰ ਬੁਲਾ ਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਮੁਹੱਈਆ ਕਰਵਾਈ ਜਾਂਦੀ ਹੈ।  ਪੰਜਾਬ ਨੈਸ਼ਨਲ ਬੈਂਕ ਦੇ ਲੀਡ ਜ਼ਿਲ੍ਹਾ ਮੈਨੇਜਰ ਮਨੀਸ਼ ਕੁਮਾਰ ਨੇ ਬੈਂਕਾਂ ਤੋਂ ਮਿਲਣ ਵਾਲੇ ਪੜ੍ਰਾਈ ਦੇ ਲੋਨਾਂ ਅਤੇ ਹੋਰ ਸਵੈ ਰੁਜ਼ਗਾਰ ਸ਼ੁਰੂ ਕਰਨ ਲਈ ਮਿਲਣ ਵਾਲੇ ਲੋਨਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪਸ਼ੂ ਪਾਲਣ ਵਿਭਾਗ ਤੋਂ ਵੈਟਰਨਰੀ ਅਫਸਰ ਡਾ. ਨਿਪੁੰਨ ਖੁੰਗਰ ਨੇ ਚੰਗੀ ਨਸਲ ਦੇ ਪਸ਼ੂ ਪਾਲਣ ਅਤੇ ਪਸ਼ੂਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਅਤੇ ਪਸ਼ੂਆਂ ਦੀ ਖੁਰਾਕ ਤੇ ਆਪਣੇ ਵਿਚਾਰ ਪੇਸ ਕੀਤੇ। ਇਸ ਮੌਕੇ ਰਿਟਾ. ਡਾਇਰੈਕਟਰ ਮੱਛੀ ਪਾਲਣ ਵਿਭਾਗ ਰਾਜਿੰਦਰ ਕਟਾਰੀਆ ਵੀ ਹਾਜ਼ਰ ਸਨ।