ਡੇਅਰੀ ਵਿਕਾਸ ਵਿਭਾਗ ਵੱਲੋਂ ਡੇਅਰੀ ਸਿਖਲਾਈ ਕੋਰਸ 9 ਅਗਸਤ ਤੋਂ

ਨਵਾਂਸ਼ਹਿਰ, 4 ਅਗਸਤ 2021
ਕੋਵਿਡ-19 ਮਹਾਮਾਰੀ ਕਾਰਨ ਜਿਥੇ ਦੇਸ਼ ਦੀ ਅਰਥ ਵਿਵਸਥਾ ’ਤੇ ਮਾੜਾ ਅਸਰ ਪਿਆ ਹੈ, ਉਥੇ ਸਰਕਾਰੀ ਗਤੀਵਿਧੀਆਂ ਵਿਚ ਵੀ ਖੜੋਤ ਆਈ ਹੈ। ਸਮਾਜਿਕ ਦੂਰੀ ਅਤੇ ਇਕੱਠ ਨਾ ਕਰਨ ਦੇ ਨਿਯਮਾਂ ਸਦਕਾ ਡੇਅਰੀ ਵਿਕਾਸ ਵਿਭਾਗ ਵੱਲੋਂ ਚਲਾਈਆਂ ਜਾਂਦੀਆਂ ਸਿਖਲਾਈਆਂ ’ਤੇ ਵੀ ਅਸਰ ਪਿਆ ਹੈ। ਇਸ ਖੜੋਤ ਨੂੰ ਤੋੜਨ ਲਈ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਕਰਨੈਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਭਾਗ ਵੱਲੋਂ ਮਿਤੀ 9 ਅਗਸਤ 2021 ਤੋਂ ਦੁੱਧ ਉਤਪਾਦਕਾਂ ਅਤੇ ਡੇਅਰੀ ਫਾਰਮਰਾਂ ਨੂੰ ਆਫਲਾਈਨ ਡੇਅਰੀ ਸਿਖਲਾਈ ਦੇਣ ਲਈ ਅਗਲਾ ਬੈਚ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡੇਅਰੀ ਵਿਕਾਸ ਅਫ਼ਸਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਵਿਚ ਦੁਧਾਰੂ ਪਸ਼ੂਆਂ ਦੀ ਖ਼ਰੀਦ ਤੋਂ ਲੈ ਕੇ ਰੱਖ-ਰਖਾਅ, ਖਾਧ ਖੁਰਾਕ, ਨਸਲ ਸੁਧਾਰ, ਸਾਂਭ-ਸੰਭਾਲ ਅਤੇ ਸੁਚੱਜੇ ਮੰਡੀਕਰਨ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨਾਂ ਸਮੂਹ ਦੁੱਧ ਉਤਪਾਦਕਾਂ ਅਤੇ ਡੇਅਰੀ ਫਾਰਮਰਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਆਪਣੇ ਆਪ ਨੂੰ ਸਿਖਲਾਈ ਪ੍ਰੋਗਰਾਮ ਵਿਚ ਦਾਖ਼ਲ ਕਰਵਾ ਕੇ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ, ਜਿਵੇਂ ਪਸ਼ੂ ਖ਼ਰੀਦਣ ਲਈ ਕਰਜ਼ੇ ਦੀ ਸਹੂਲਤ, ਪਸ਼ੂਆਂ ਦੇ ਸੁਚੱਜੇ ਸ਼ੈੱਡ, ਸਿੰਗਲ ਰੋਅ ਫੌਡਰ ਹਾਰਵੈਸਟਰ, ਸੈਲਫ ਪ੍ਰੋਪੈਲਡ, ਫੌਰੇਜ਼ ਕਟਰ, ਆਟੋਮੈਟਿਕ ਮਿਲਕ ਡਿਸਪੈਂਸਿੰਗ ਯੂਨਿਟ, ਆਟੋਮੈਟਿਕ ਸਾਈਲੇਜ਼ ਬੇਲਰ-ਕਮ-ਰੈਪਰ ਮਸ਼ੀਨ ਅਤੇ 10 ਦੇਸੀ ਗਾਵਾਂ ਦੀ ਖ਼ਰੀਦ ਅਤੇ 20 ਦੁਧਾਰੂ ਪਸ਼ੂਆਂ ਦੀ ਖ਼ਰੀਦ ’ਤੇ 25 ਫੀਸਦੀ ਸਬਸਿਡੀ ਦੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨਾਂ ਕਿਹਾ ਕਿ ਇਸ ਸਬੰਧੀ ਲੋੜੀਂਦੇ ਕਾਗਜ਼ਾਤ, ਜਿਵੇਂ ਪੜਾਈ ਦਾ ਸਰਟੀਫਿਕੇਟ, ਆਧਾਰ ਕਾਰਡ, ਵੋਟਰ ਕਾਰਡ, ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣ ’ਤੇ ਐਸ. ਸੀ ਸਰਟੀਫਿਕੇਟ, ਪਾਸਪੋਰਟ ਸਾਈਜ਼ ਫੋਟੋ ਨਾਲ ਲੈ ਕੇ 7 ਅਗਸਤ 2021 ਤੱਕ ਆਪਣੇ ਫਾਰਮ ਭਰਵਾਉਣ ਲਈ ਦਫ਼ਤਰ ਡੇਅਰੀ ਵਿਕਾਸ ਅਫ਼ਸਰ, ਵੈਟਨਰੀ ਪੋਲੀਕਲੀਨਿਕ, ਬੰਗਾ ਰੋਡ, ਮਹਾਲੋਂ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਜਾਣਕਾਰੀ ਲਈ ਦਫ਼ਤਰੀ ਕੰਮਕਾਜ ਦੇ ਸਮੇਂ ਦੌਰਾਨ ਫੋਨ ਨੰਬਰ 01823-225050 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
ਫੋਟੋ : ਹਰਵਿੰਦਰ ਸਿੰਘ, ਡੇਅਰੀ ਵਿਕਾਸ ਅਫ਼ਸਰ।