ਤੁੰਗ ਢਾਬ ਕਿਨਾਰੇ ਵੱਸਦੀਆਂ ਕਾਲੋਨੀਆਂ ਨੂੰ ਮਿਲੇਗੀ ਪ੍ਰਦੂਸ਼ਣ ਤੋਂ ਮੁਕਤੀ-ਔਜਲਾ

ਮੁੱਖ ਮੰਤਰੀ ਨੇ ਇਸ ਮੁੱਦੇ ਉਤੇ ਚੰਡੀਗੜ੍ਹ ਵਿਚ ਸੱਦੀ ਅਧਿਕਾਰੀਆਂ ਦੀ ਮੀਟਿੰਗ-ਮੇਅਰ
ਢਾਬ ਵਿਚ ਪੈਂਦੇ ਗੰਦੇ ਪਾਣੀ ਨੂੰ ਕੀਤਾ ਜਾਵੇਗਾ ਮੁਕੰਮਲ ਰੂਪ ਵਿਚ ਬੰਦ-ਡਿਪਟੀ ਕਮਿਸ਼ਨਰ
ਅੰਮ੍ਰਿਤਸਰ 18 ਅਗਸਤ 2021 ਲੋਕ ਸਭਾ ਮੈਂਬਰ ਸ: ਗੁਰਜੀਤ ਸਿੰਘ ਔਜਲਾ ਅਤੇ ਮੇਅਰ ਸ. ਕਰਮਜੀਤ ਸਿੰਘ ਰਿੰਟੂ ਵੱਲੋਂ ਸ਼ਹਿਰ ਵਿਚ ਹੋ ਰਹੇ ਕੰਮਾਂ ਦੀ ਸਮੀਖਿਆ ਅਤੇ ਕਰਵਾਏ ਜਾਣ ਵਾਲੇ ਕੰਮਾਂ ਦੀ ਤਜਵੀਜ਼ ਬਨਾਉਣ ਲਈ ਅੱਜ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਤੇ ਕਮਿਸ਼ਨਰ ਕਾਰਪੋਰੇਸ਼ਨ ਸ. ਮਲਵਿੰਦਰ ਸਿੰਘ ਜੱਗੀ ਨਾਲ ਵਿਸਥਾਰਤ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਜਿੱਥੇ ਸ਼ਹਿਰ ਵਿਚ ਹੋ ਰਹੇ ਕੰਮਾਂ ਦੀ ਗੁਣਵਤਾ ਅਤੇ ਸਮਾਂ ਸੀਮਾ ਬਾਰੇ ਵਿਚਾਰ-ਚਰਚਾ ਕੀਤੀ ਗਈ, ਉਥੇ ਤੁੰਗ ਢਾਬ ਵਿਚ ਪੈਂਦੇ ਪ੍ਰਦੂਸ਼ਿਤ ਪਾਣੀ ਦੀ ਰੋਕਥਾਮ ਲਈ ਵੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ
ਸ. ਔਜਲਾ ਨੇ ਦੱਸਿਆ ਕਿ ਬੀਤੇ ਦਿਨੀਂ ਸ਼ਹਿਰ ਦੇ ਦੌਰੇ ਉਤੇ ਆਏ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਤੁੰਗ ਢਾਬ ਵਿਚ ਪੈਂਦੇ ਗੰਦੇ ਪਾਣੀ ਦੇ ਸਥਾਈ ਹੱਲ ਲਈ ਬੇਨਤੀ ਕੀਤੀ ਗਈ ਸੀ ਅਤੇ ਤਰੁੰਤ ਹੀ ਇਸ ਬਾਬਤ ਪਿ੍ਰੰਸੀਪਲ ਸਕੱਤਰ ਸ੍ਰੀ ਸੁਰੇਸ਼ ਕੁਮਾਰ ਨਾਲ ਗੱਲਬਾਤ ਕਰਕੇ ਇਸ ਮੁੱਦੇ ਦਾ ਹੱਲ ਕਰਨ ਦੀ ਹਦਾਇਤ ਕੀਤੀ ਸੀ। ਉਨਾਂ ਕਿਹਾ ਕਿ ਸਿੰਚਾਈ ਵਿਭਾਗ ਦੀ ਅਗਵਾਈ ਹੇਠ ਇਸ ਡਰੇਨ, ਜੋ ਕਿ ਹੁਣ ਗੰਦੇ ਨਾਲ ਵਿਚ ਬਦਲ ਚੁੱਕੀ ਹੈ, ਨੂੰ ਦੁਬਾਰਾ ਸੁਰਜੀਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਹ ਵਿਚਾਰ ਕੀਤੀ ਜਾ ਰਹੀ ਹੈ ਕਿ ਇਸ ਵਿਚੋਂ ਗੰਦੇ ਪਾਣੀ ਦੀ ਨਿਕਾਸੀ ਬੰਦ ਕਰਕੇ ਇਸ ਨੂੰ ਕੇਵਲ ਸਾਫ ਪਾਣੀ ਵਾਲੀ ਡਰੇਨ ਵਿਚ ਬਦਲਿਆ ਜਾਵੇ। ਇਸ ਤੋਂ ਇਲਾਵਾ ਇਸ ਦੀ ਪਟੜੀ ਨੂੰ ਸੈਰਗਾਹ ਵਜੋਂ ਵਿਕਸਤ ਕੀਤਾ ਜਾਵੇ।
ਇਸ ਮੌਕੇ ਮੇਅਰ ਸ. ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਅੰਮ੍ਰਿਤਸਰ ਦੇ ਬਾਹਰਵਾਰ ਚੱਲ ਰਹੀ ਇਸ ਡਰੇਨਾ ਵਿਚ ਇਸ ਵੇਲੇ ਤੇਜ਼ਾਬੀ ਪਾਣੀ ਵਹਿ ਰਿਹਾ ਹੈ, ਜੋ ਕਿ ਕਈ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਉਨਾਂ ਕਿਹਾ ਕਿ ਗੰਦੇ ਪਾਣੀ ਕਾਰਨ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਵੱਡੀਆਂ ਸਿਹਤ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਜਿਸ ਨੂੰ ਹੱਲ ਕਰਨ ਲਈ ਅਜਿਹੇ ਸਰੋਤਾਂ ਨੂੰ ਠੀਕ ਕਰਨਾ ਜ਼ਰੂਰੀ ਹੈ। ਉਨਾਂ ਦੱਸਿਆ ਕਿ ਮੁੱਖ ਮੰਤਰੀ ਦੀ ਹਦਾਇਤ ਉਤੇ ਪਿ੍ਰੰਸੀਪਲ ਸਕੱਤਰ ਸ੍ਰੀ ਸੁਰੇਸ਼ ਕੁਮਾਰ ਨੇ ਇਸ ਬਾਬਤ ਚੰਡੀਗੜ੍ਹ ਮੀਟਿੰਗ ਸੱਦ ਲਈ ਹੈ ਅਤੇ ਅਸੀਂ ਇਸ ਲਈ ਢੁਕਵੇਂ ਬਦਲ ਦਾ ਪ੍ਰਸਤਾਵ ਬਣਾ ਰਹੇ ਹਾਂ, ਜੋ ਕਿ ਚਿਰ ਸਥਾਈ ਹੋਵੇ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਉਕਤ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਉਤੇ ਜ਼ੋਰ ਦਿੰਦੇ ਕਿਹਾ ਕਿ ਸਾਡੇ ਕੁਦਰਤੀ ਸਰੋਤਾਂ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ ਤੇ ਡਰੇਨ ਵਿਚ ਪੈਂਦੇ ਗੰਦੇ ਤੇ ਤਜ਼ਾਬੀ ਪਾਣੀ ਨੂੰ ਸਖਤੀ ਨਾਲ ਰੋਕਿਆ ਜਾਵੇ। ਉਨਾਂ ਡਰੇਨ ਦੇ ਕਿਨਾਰਿਆਂ ਤੇ ਪਟੜੀ ਨੂੰ ਪੱਕਾ ਕਰਨ ਦਾ ਸੁਝਾਅ ਵੀ ਦਿੱਤਾ।
ਕੈਪਸ਼ਨ
ਤੁੰਗ ਢਾਬ ਡਰੇਨ ਬਾਰੇ ਮੀਟਿੰਗ ਕਰਦੇ ਸ. ਗੁਰਜੀਤ ਸਿੰਘ ਔਜਲਾ, ਨਾਲ ਹਨ ਮੇਅਰ ਸ. ਕਰਮਜੀਤ ਸਿੰਘ ਰਿੰਟੂ, ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਤੇ ਕਮਿਸ਼ਨਰ ਕਾਰਪੋਰੇਸ਼ਨ ਸ. ਮਲਵਿੰਦਰ ਸਿੰਘ ਜੱਗੀ।