ਦੂਜੇ ਦਿਨ ਵੀ ਜਾਰੀ ਰਿਹਾ ਧਰਮਸੋਤ ਵਿਰੁੱਧ ‘ਆਪ’ ਦਾ ਪੱਕਾ ਮੋਰਚਾ

aap protest.

-ਮੋਰਚਾ ਚਲਾਉਣ ਲਈ 5 ਮੈਂਬਰੀ ਤਾਲਮੇਲ ਕਮੇਟੀ ਗਠਿਤ

ਨਾਭਾ 3 ਸਤੰਬਰ 2020
ਆਮ ਆਦਮੀ ਪਾਰਟੀ (ਆਪ) ਵੱਲੋਂ ਵਜ਼ੀਫ਼ਾ ਘੁਟਾਲੇ ‘ਚ ਫਸੇ ਕੈਬਨਿਟ ਮੰਤਰੀ ਸਾਧੂ ਸਿੰਘ ਦੀ ਬਰਖ਼ਾਸਤਗੀ ਨੂੰ ਲੈ ਕੇ ਇੱਥੇ ਮੰਤਰੀ ਦੀ ਕੋਠੀ ਮੂਹਰੇ ਲਗਾਇਆ ਪੱਕਾ ਮੋਰਚਾ ਵੀਰਵਾਰ ਨੂੰ ਵੀ ਜਾਰੀ ਰਿਹਾ।
ਪਾਰਟੀ ਵੱਲੋਂ ਜਾਰੀ ਬਿਆਨ ਰਾਹੀਂ ਇਸ ਪੱਕੇ ਮੋਰਚੇ ਨੂੰ ਹੋਰ ਤੇਜ਼ ਅਤੇ ਬੁਲੰਦ ਕਰਨ ਲਈ 5 ਮੈਂਬਰੀ ਤਾਲਮੇਲ ਕਮੇਟੀ ਅਤੇ ਸਲਾਹਕਾਰ ਕਮੇਟੀ ਗਠਿਤ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ‘ਚ ਪਾਰਟੀ ਆਗੂ ਚੇਤਨ ਸਿੰਘ ਜੋੜੇਮਾਜਰਾ, ਗੁਰਦੇਵ ਸਿੰਘ ਦੇਵ ਮਾਨ, ਜੱਸੀ ਸੋਹੀਆਂ ਵਾਲਾ, ਵਰਿੰਦਰ ਕੁਮਾਰ ਬਿੱਟੂ ਅਤੇ ਨਰਿੰਦਰ ਸ਼ਰਮਾ ਸ਼ਾਮਲ ਸਨ। ਜਦਕਿ ਅਲੱਗ ਤੌਰ ‘ਤੇ ਗਠਿਤ ਕੀਤੀ ਗਈ ਸਲਾਹਕਾਰ ਕਮੇਟੀ ‘ਚ ‘ਆਪ’ ਆਗੂ ਨੀਨਾ ਮਿੱਤਲ ਅਤੇ ਗਿਆਨ ਸਿੰਘ ਮੂੰਗੋ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਮੌਕੇ ਸੰਬੋਧਨ ਕਰਦੇ ਹੋਏ ਚੇਤਨ ਸਿੰਘ ਜੋੜੇਮਾਜਰਾ ਨੇ ਕਿਹਾ ਕਿ ਘੁਟਾਲਾ ਜੱਗ-ਜ਼ਾਹਿਰ ਹੋਣ ਦੇ 10 ਦਿਨ ਲੰਘ ਜਾਣ ਦੇ ਬਾਵਜੂਦ ਕਾਂਗਰਸ ਹਾਈਕਮਾਨ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਭ੍ਰਿਸ਼ਟ ਪ੍ਰੰਤੂ ‘ਕਮਾਊ ਪੁੱਤ’ ਨੂੰ ਬਚਾਉਣ ਲਈ ਪੱਬਾਂ ਭਾਰ ਹੋਈ ਪਈ ਹੈ। ਜਿਸ ਕਾਰਨ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਲੜੀਵਾਰ ਜ਼ਿਲ੍ਹਾ ਪੱਧਰੀ ਧਰਨੇ ਅਤੇ ਰੋਸ-ਮੁਜ਼ਾਹਰੇ ਜਾਰੀ ਹਨ, ਉੱਥੇ ਨਾਭਾ ‘ਚ ਧਰਮਸੋਤ ਦੀ ਕੋਠੀ ਮੂਹਰੇ ‘ਪੱਕਾ ਮੋਰਚਾ’ ਲਗਾਉਣਾ ਪਿਆ ਹੈ, ਜੋ ਅੱਜ ਦੂਜੇ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ।
ਜੋੜੇਮਾਜਰਾ ਨੇ ਮੁੱਖਮੰਤਰੀ ‘ਤੇ ਦੋਸ਼ ਲਗਾਏ ਕਿ ਉਹ ਦਲਿਤ ਵਿਦਿਆਰਥੀਆਂ ਦੀ ਵਜ਼ੀਫ਼ਾ ਸਕੀਮ ‘ਚ ਸਿੱਧਾ 63.91 ਕਰੋੜ ਰੁਪਏ ਹੜੱਪਣ ਵਾਲੇ ਆਪਣੇ ਭ੍ਰਿਸ਼ਟ ਮੰਤਰੀ (ਧਰਮਸੋਤ) ਨੂੰ ਬਰਖ਼ਾਸਤ ਕਰਨ ‘ਚ ਬਚਾਉਣ ਲਈ ਸਾਰੀਆਂ ਨੈਤਿਕ ਅਤੇ ਪ੍ਰਸ਼ਾਸਨਿਕ ਹੱਦਾਂ ਟੱਪ ਰਹੇ ਹਨ।
ਇਸ ਮੌਕੇ ਦੇਵ ਮਾਨ ਅਤੇ ਜੱਸੀ ਸੋਹੀਆਂਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਸ ਵਜ਼ੀਫ਼ਾ ਘੁਟਾਲੇ ਦੀ ਵਿਭਾਗੀ ਜਾਂਚ 2 ਅਧਿਕਾਰੀਆਂ ਨੂੰ ਸੌਂਪੇ ਜਾਣ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਜਾਂਚ ਕੋਈ ਵੀ ਏਜੰਸੀ ਕਰੇ ਪ੍ਰੰਤੂ ਜਾਂਚ ਮਾਣਯੋਗ ਹਾਈਕੋਰਟ ਦੇ ਮੌਜੂਦਾ ਜੱਜਾਂ ਦੀ ਨਿਗਰਾਨੀ ਹੇਠ ਸਮਾਂਬੱਧ ਹੋਵੇ ਅਤੇ ਇਸ ਜਾਂਚ ਦਾ ਦਾਇਰਾ 2012-13 ਤੱਕ ਵਧਾਇਆ ਜਾਵੇ, ਕਿਉਂਕਿ ਬਾਦਲਾਂ ਦੀ ਸਰਕਾਰ ਵੇਲੇ ਵੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ‘ਚ ਅਰਬਾਂ ਰੁਪਏ ਦੀ ਗੜਬੜੀ ਹੋਈ ਹੈ।
ਵਰਿੰਦਰ ਕੁਮਾਰ ਬਿੱਟੂ ਅਤੇ ਸ਼ਰਮਾ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਲੱਖਾਂ ਹੋਣਹਾਰ ਦਲਿਤ ਵਿਦਿਆਰਥੀਆਂ ਦੇ ਭਵਿੱਖ ਦਾ ਕਾਤਲ ਹੈ। ਧਰਮਸੋਤ ਖ਼ਿਲਾਫ਼ ਵਧੀਕ ਮੁੱਖ ਸਕੱਤਰ ਵੱਲੋਂ ਜਿੰਨੇ ਦਸਤਾਵੇਜ਼ੀ ਸਬੂਤਾਂ ਨਾਲ ਸਰਕਾਰ ਨੂੰ ਜਾਂਚ ਰਿਪੋਰਟ ਸੌਂਪੀ ਹੈ, ਉਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਭ੍ਰਿਸ਼ਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪੰਜ ਮਿੰਟਾਂ ‘ਚ ਮੰਤਰੀ ਮੰਡਲ ‘ਚੋ ਬਰਖ਼ਾਸਤ ਕਰਕੇ ਫ਼ੌਜਦਾਰੀ ਮੁਕੱਦਮਾ ਦਰਜ ਕਰ ਲਿਆ ਜਾਣਾ ਚਾਹੀਦਾ ਸੀ।
ਇਸ ਮੌਕੇ ਰਾਜਵੰਤ ਘੁੱਲੀ, ਅਮਰਦੀਪ ਧਾਂਦਰਾ, ਕਰਨਵੀਰ ਟਿਵਾਣਾ, ਕੁੰਦਨ ਗੋਗੀਆ, ਬਰਿੰਦਰ ਬਿੱਟੂ, ਵੀਰਪਾਲ ਚਹਿਲ, ਪ੍ਰੀਤੀ ਮਲਹੋਤਰਾ, ਇੰਦਰਜੀਤ ਸੰਧੂ, ਬਲਕਾਰ ਗੱਜੂਮਾਜਰਾ, ਤਜਿੰਦਰ ਖਹਿਰਾ, ਅਸ਼ੋਕ ਸਿਰਸਵਾਲ, ਬਲਵਿੰਦਰ ਝਾੜਵਾ, ਜਗਜੀਤ ਜਵੰਦਾ, ਰਣਜੋਤ ਹਡਾਣਾ, ਭੁਪਿੰਦਰ ਕੱਲਰਮਾਜਰੀ, ਬਲਵਿੰਦਰ ਸਿੰਘ, ਸਿਮਰਨ ਚੌਹਾਨ, ਕੁਲਵੰਤ ਢੀਗੀ, ਹਰਮੀਕ ਬਾਜਵਾ, ਸ਼ਰਨਜੀਤ ਢਿੱਲੋਂ, ਖੁਸ਼ਵੰਤ ਸ਼ਰਮਾ ਆਗੂ ਵੀ ਮੌਜੂਦ ਸਨ।