ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜ਼ਿਲੇ੍ਹ ਦੇ ਵੱਖ-ਵੱਖ ਪਿੰਡਾਂ ਵਿਚ ਲਘੂ ਨਾਟਕਾਂ ਦਾ ਮੰਚਨ

ਨਾਟਕਾਂ ਰਾਹੀਂ ਨਸ਼ੇ ਤੋਂ ਦੂਰ ਰਹਿਣ ਵੱਲ ਕੀਤਾ ਗਿਆ ਪ੍ਰੇਰਿਤ
ਫਾਜ਼ਿਲਕਾ 5 ਅਗਸਤ 2021
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਨਕੇਲ ਕੱਸਣ ਲਈ ਸਮੇਂ-ਸਮੇਂ `ਤੇ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਂਦੀਆਂ ਹਨ।ਸਰਕਾਰ ਵੱਲੋਂ ਸ਼ੁਰੂ ਕੀਤੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾ `ਤੇ ਫਾਜ਼ਿਲਕਾ ਜ਼ਿਲੇ੍ਹ ਅਧੀਨ ਪੈਂਦੇ ਪਿੰਡਾਂ ਵਿਚ ਲਘੂ ਨਾਟਕ ਆਯੋਜਿਤ ਕੀਤੇ ਗਏ ਹਨ।
ਜ਼ਿਲ੍ਹਾ ਭਲਾਈ ਅਫਸਰ ਸ. ਬਰਿੰਦਰ ਸਿੰਘ ਅਤੇ ਤਹਿਸੀਲ ਭਲਾਈ ਅਫਸਰ ਸ੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਨਸ਼ੇ ਨੂੰ ਜੜੋਂ ਖਤਮ ਕਰਨ ਲਈ ਨਸ਼ਾ ਮੁਕਤ ਭਾਰਤ ਅਭਿਆਨ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰਥਕ ਹੰਭਲੇ ਮਾਰੇ ਜਾ ਰਹੇ ਹਨ।ਇਸ ਦੇ ਨਾਲ-ਨਾਲ ਜ਼ਿਲੇ੍ਹ ਦੀਆਂ ਸਮਾਜ ਸੇਵੀ ਸੰਸਥਾਵਾਂ ਵੀ ਸਹਿਯੋਗ ਦੇ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬਾਲਾ ਜੀ ਫਾਉਂਡੇਸ਼ਨ ਚੈਰੀਟੇਬਲ ਟਰੱਸਟ ਤੋਂ ਸ੍ਰੀ ਸਾਹਿਲ ਮਿੱਤਲ ਤੇ ਉਨ੍ਹਾਂ ਦੀ ਟੀਮ ਜ਼ੋ ਵੱਧ ਚੜੇ ਕੇ ਨਸ਼ੇ ਖਿਲਾਫ ਜਾਗਰੂਕਤਾ ਲਿਆਉਣ ਲਈ ਪੂਰ ਜ਼ੋਰ ਕੋਸ਼ਿਸ਼ ਕਰ ਰਹੇ ਹਨ ਤੇ ਨੌਜਵਾਨਾ ਨੂੰ ਨਸ਼ੇ ਤੋਂ ਦੂਰ ਰਹਿਣ ਵੱਲ ਪੇਰਿਤ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ `ਚ ਜਾਣ ਤੋਂ ਬਚਾਉਣ ਲਈ ਪਿੰਡ ਕਾਲਾ ਟਿੱਬਾ, ਰਾਮਪੁਰਾ, ਨਰਾਇਣਪੁਰਾ, ਬਿਸ਼ਨਪੁਰਾ, ਕੇਰਾ ਖੇੜਾ, ਬਹਾਵਲ ਵਾਸੀ ਵਿਖੇ ਲਈ ਲਘੂ ਨਾਟਕਾਂ ਦਾ ਮੰਚਨ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਨਸ਼ਿਆਂ ਖਿਲਾਫ ਜਾਗਰੂਕਤਾ ਲਿਆਉਣ ਲਈ ਨਾਂਟਕਾਂ ਨੂੰ ਪ੍ਰਦਰਸ਼ਿਤ ਕਰਕੇ ਨੌਜਵਾਨਾਂ ਅੰਦਰ ਨਸ਼ਿਆਂ ਤੋਂ ਦੂਰ ਰਹਿਣ ਦੀ ਭਾਵਨਾ ਪੈਦਾ ਕੀਤੀ ਜਾ ਰਹੀ ਹੈ ਤਾਂ ਜ਼ੋ ਨੌਜਵਾਨ ਪੀੜੀ ਨਸ਼ਿਆਂ ਵੱਲ ਨਾ ਜਾ ਕੇ ਆਪਣੇ ਸਮਾਜ ਨੂੰ ਵਿਕਾਸ ਅਤੇ ਸੁਨਹਿਰੀ ਭਵਿੱਖ ਦੀਆਂ ਲੀਹਾਂ ਵੱਲ ਲਿਜਾ ਸਕੇ।
ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡਾਂ ਦੇ ਲੋਕਾਂ ਨੇ ਨਾਟਕਾਂ ਨੂੰ ਵੇਖਿਆ ਅਤੇ ਇਨ੍ਹਾਂ ਨਾਟਕਾਂ ਤੋਂ ਨਸ਼ਾ ਮੁਕਤ ਸਮਾਜ ਸਿਰਜਣ ਦੀ ਪ੍ਰੇਰਣਾ ਲਈ।