ਨਸ਼ਾ ਛੁਡਾਊ ਮੁਹਿੰਮ ਤਹਿਤ ਨੌਜਵਾਨਾਂ ਨੂੰ ਓਟ ਕਲੀਨਿਕ ਵਿੱਚ ਨਸ਼ਿਆਂ ਦੀ ਬੁਰਾਈ ਸੰਬੰਧੀ ਜਾਗਰੂਕ ਕੀਤਾ

ਰੂਪਨਗਰ, 20 ਅਕਤੂਬਰ:
ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਾ ਛੁਡਾਊ ਮੁਹਿੰਮ ਤਹਿਤ ਅੱਜ ਨੌਜਵਾਨਾਂ ਨੂੰ ਓਟ ਕਲੀਨਿਕ ਵਿਖੇ ਨਸ਼ਿਆਂ ਦੀ ਬੁਰਾਈ ਸੰਬੰਧੀ ਜਾਗਰੂਕ ਕੀਤਾ ਗਿਆ।
ਓਟ ਕਲੀਨਿਕ ਦੀ ਕੌਂਸਲਰ ਜਸਜੀਤ ਕੌਰ ਨੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾ ਨੂੰ ਨਸ਼ਿਆਂ ਦੀ ਬੁਰਾਈ ਸਬੰਧੀ ਜਾਗਰੂਕ ਕਰਦੇ ਹੋਏ ਕਿਹਾ ਕਿ ਨਸ਼ਾ ਕਿਸੇ ਵੀ ਰੂਪ ਵਿੱਚ ਹੋਵੇ, ਉਹ ਬਹੁਤ ਨਿੰਦਣਯੋਗ ਅਤੇ ਪੂਰੇ ਜੀਵਨ ਲਈ ਘਾਤਕ ਸਾਬਿਤ ਹੋ ਸਕਦਾ ਹੈ ਜੇਕਰ ਸਮੇਂ ਰਹਿੰਦੇ ਇਸ ਨੂੰ ਨਾ ਛੱਡਿਆ ਜਾਵੇ। ਇਸ ਨਾਲ ਅਸੀਂ ਵਿਕਾਸ ਦੀ ਦੌੜ ਵਿਚ ਬਿਲਕੁਲ ਪੱਛੜ ਜਾਂਦੇ ਹਾਂ। ਨਸ਼ਾ ਕਰਨ ਵਾਲੇ ਦਾ ਹਸ਼ਰ ਬਹੁਤ ਮਾੜਾ ਹੁੰਦਾ ਹੈ ਅਤੇ ਨਸ਼ਾ ਕਰਨ ਵਾਲੇ ਦਾ ਸਭ ਤੋਂ ਪਹਿਲਾ ਪ੍ਰਭਾਵ ਉਸ ਦੇ ਸਰੀਰ ’ਤੇ, ਮਨ ਤੇ ਫਿਰ ਪਰਿਵਾਰ ‘ਤੇ ਪੈਦਾ ਹੈ ਤੇ  ਹੌਲੀ-ਹੌਲੀ ਸਮਾਜ ਨੂੰ ਖੇਰੂੰ-ਖੇਰੂੰ ਕਰ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਪ੍ਰਯੋਗ ਨਾਲ ਵਿਅਕਤੀ, ਪਰਿਵਾਰ, ਸਮਾਜ ਅਤੇ ਦੇਸ਼ ਪਤਨ ਵੱਲ ਵੱਧਦਾ ਹੈ। ਨਸ਼ੇ ਕਰਨੇ ਬਹੁਤ ਸੌਖੇ ਲੱਗਦੇ ਹਨ ਪਰ ਨਸ਼ਾ ਛੱਡਣਾ ਬਹੁਤ ਜ਼ਿਆਦਾ ਔਖਾ ਕੰਮ ਹੁੰਦਾ ਹੈ। ਨਸ਼ੇ ਕਰਨ ਵਾਲਾ ਵਿਅਕਤੀ ਪਰਿਵਾਰ, ਸਮਾਜ ਅਤੇ ਧਰਤੀ ‘ਤੇ ਬੋਝ ਹੁੰਦਾ ਹਨ। ਹੌਲੀ-ਹੌਲੀ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਦੋਂ ਨਸ਼ਿਆ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਨਾਲ ਫਸ ਜਾਂਦਾ ਹੈ। ਜਦੋਂ ਊਸਨੂੰ ਸਮਝ ਆਉਂਦੀ ਹੈ, ਉਸ ਸਮੇਂ ਤੱਕ ਉਹ ਨਸ਼ਿਆਂ ਦੀ ਲੱਤ ਦਾ ਬਹੁਤ ਬੁਰੀ ਤਰ੍ਹਾਂ ਸ਼ਿਕਾਰ ਹੋ ਜਾਂਦਾ ਹੈ।
ਇਸ ਲਈ ਨਸ਼ਿਆਂ ਨੂੰ ਛੱਡ ਕੇ ਰੋਜ਼ਾਨਾ ਕਸਰਤ ਤੇ  ਅਧਿਆਤਮ ਨੂੰ ਅਪਣਾਓ ਅਤੇ ਫਲ, ਸਬਜ਼ੀਆਂ, ਦੁਧ, ਦਹੀਂ ਆਦਿ ਦੀ ਨਿਯਮਿਤ ਵਰਤੋਂ ਕਰੋ।