ਨਿੱਕੀ ਉਮਰੇ ਹਾਕੀ ਦੀ ਖੇਡ ਚ ਚਮਕਦਾ ਸਿਤਾਰਾ ਬਣਿਆ ਚਰਨਜੀਤ ਸਿੰਘ

–ਖੇਡਾਂ ਵਤਨ ਪੰਜਾਬ ਦੀਆਂ 2022’

ਨਿੱਕੀ ਉਮਰੇ ਹਾਕੀ ਦੀ ਖੇਡ ਚ ਚਮਕਦਾ ਸਿਤਾਰਾ ਬਣਿਆ ਚਰਨਜੀਤ ਸਿੰਘ

ਐਸ.ਏ.ਐਸ ਨਗਰ 15 ਸਤੰਬਰ:

ਹਾਕੀ ਦੀ ਖੇਡ ਵਿੱਚ ਆਪਣੀ ਅਣਥੱਕ ਮਿਹਨਤ ਸਦਕਾ ਅੰਡਰ 14 ਦੇ ਸਕੂਲ ਸਟੇਟ ਮੁਕਾਬਲਿਆ ਵਿੱਚ ਸੋਨ ਤਮਗਾ ਜਿੱਤ ਕੇ ਆਪਣੇ ਮਾਪਿਆ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ ਵਾਲਾ ਖਿਡਾਰੀ ਚਰਨਜੀਤ ਸਿੰਘ ਹਾਕੀ ਦੀ ਖੇਡ ਵਿਚ ਵੱਖਰੀ ਪਹਿਚਾਣ ਬਣਾ ਚੁੱਕਾ ਹੈ । ਫਰੀਦਕੋਟ ਦਾ ਰਹਿਣ ਵਾਲਾ ਚਰਨਜੀਤ ਸਿੰਘ ਜਿਲ੍ਹਾ ਐਸ.ਏ.ਐਸ ਨਗਰ ਦੇ ਸਪੋਟਸ ਕੰਪਲੈਕਸ ਸੈਕਟਰ 78 ਵਿਖੇ ਖੇਡਾਂ ਵਤਨ ਪੰਜਾਬ ਦੀਆਂ-2022 ਤਹਿਤ ਚਲ ਰਹੇ ਜਿਲ੍ਹਾ ਪੱਧਰੀ ਹਾਕੀ ਦੇ ਟੂਰਨਾਮੈਂਟ ਵਿੱਚ ਹਿੱਸਾ ਲੈ ਰਿਹਾ ਹੈ । ਹਾਕੀ ਦੀ ਖੇਡ ਵਿੱਚ ਚਰਨਜੀਤ ਸਿੰਘ ਆਪਣੀ ਚੰਗੀ ਖੇਡ ਦਾ ਪ੍ਰਦਰਸ਼ਨ ਕਰ ਰਿਹਾ ਹੈ । ਇਸ ਸਬੰਧੀ ਵਧੇਰੇ ਜਾਣਕਾਰੀ ਸਾਂਝੀ ਕਰਦੇ ਹੋਏ ਚਰਨਜੀਤ ਸਿੰਘ ਦੇ ਕੋਚ  ਮਨਮੋਹਨ ਸਿੰਘ, ਹਰਵਿੰਦਰ ਸਿੰਘ, ਗੁਰਦੀਪ ਸਿੰਘ ਨੇ ਦੱਸਿਆ ਕਿ ਉਹ 2016 ਵਿੱਚ ਪੀ.ਆਈ.ਐਸ ਮੋਹਾਲੀ ਵਿਖੇ 100 ਮੀਟਰ ਸਪਰਿੰਟ ਲਈ ਅਥੈਲਟਿਕਸ ਚੁਣਿਆ ਗਿਆ ਸੀ ਪਰ ਉਸ ਵਿੱਚ ਸਫ਼ਲਤਾ ਦੇ ਮੌਕੇ ਘੱਟ ਹੋਣ ਕਾਰਨ ਉਹ ਹਾਕੀ ਵੱਲ ਆਕਰਸ਼ਿਤ ਹੋਇਆ ਅਤੇ  ਸਾਲ 2018 ਵਿੱਚ ਪੀ.ਆਈ.ਐਸ ਵਿੱਚ ਹੀ ਹਾਕੀ ਲਈ ਚੁਣਿਆ ਗਿਆ । ਉਸਨੇ ਸਾਲ 2018 ਦੌਰਾਨ ਹਾਕੀ ਦੀ ਖੇਡ ਵਿੱਚ ਅੰਡਰ 14 ਵਿੱਚ ਸਕੂਲ ਸਟੇਟ ਮੁਕਾਬਲਿਆ ਵਿੱਚ ਗੋਲਡ ਮੈਡਲ ਆਪਣੇ ਸਕੂਲ ਦੀ ਝੋਲੀ ਪਾਇਆ । ਇਸ ਤੋਂ ਬਾਅਦ ਉਸ ਵੱਲੋਂ ਸਾਲ 2020-2021 ਵਿੱਚ ਸਬ-ਜੂਨੀਅਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਗਿਆ । ਹਾਕੀ ਦੀ ਖੇਡ ਵਿੱਚ ਕੀਤੀ ਗਈ ਮਿਹਨਤ ਨੂੰ ਉਸ ਸਮੇਂ ਬੂਰ ਪਿਆ ਜਦੋ ਉਸਨੂੰ ਸਾਲ 2020-22 ਵਿੱਚ ਮੁਬੰਈ ਦੇ ਕਲੱਬ ਰਿਪਬਲੀਕਨ ਨੇ ਮੁੰਬਈ ਹਾਕੀ ਲੀਗ ਵਿੱਚ ਭਾਗ ਲੈਣ ਲਈ ਸੱਦਾ ਦਿੱਤਾ ਗਿਆ । ਉਨ੍ਹਾਂ ਦੱਸਿਆ ਕਿ ਚਰਨਜੀਤ ਬਹੁਤ ਮਿਹਨਤੀ ਖਿਡਾਰੀ ਹੈ ।